Skip to main content

Gee 98News

ਮਾੜੀ ਕਾਰਗੁਜ਼ਾਰੀ ਦੇ ਦੋਸ਼ ਲਗਾ ਕੇ ਮਹਿਲਕਲਾਂ ਹਲਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਤੋਂ ਮੰਗ ਲਿਆ ਅਸਤੀਫ਼ਾ

ਬਰਨਾਲਾ ,17 ਫਰਵਰੀ (ਨਿਰਮਲ ਸਿੰਘ ਪੰਡੋਰੀ)-

-2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸਿਹਤ ਅਤੇ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣਗੀਆਂ ਪੈ ਰਹੀਆਂ ਹਨ। ‘ਆਪ’ ਦੀ ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ‘ਚ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਬੁਰਾ ਹਾਲ ਹੈ, ਇਥੋਂ ਤੱਕ ਕਿ ਕੁਝ ਥਾਵਾਂ ‘ਤੇ ਤਾਂ ਪਹਿਲੀਆਂ ਸਰਕਾਰਾਂ ਤੋਂ ਵੀ ਹਾਲਾਤ ਮਾੜੇ ਹਨ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਮਾੜੇ ਹਾਲਾਤਾਂ ਕਾਰਨ ਹੀ ਲੋਕਾਂ ਨੇ ਪਹਿਲੀਆਂ ਸਰਕਾਰਾਂ ਨੂੰ ‘ਸ਼ੀਸ਼ਾ’ ਦਿਖਾਇਆ ਸੀ ਪ੍ਰੰਤੂ ਹੁਣ ਜਿਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਮਾੜੀਆਂ ਸਹੂਲਤਾਂ ਕਰਕੇ ਹੋਣ ਲੱਗੇ ਹਨ ਉਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਲੋਕਾਂ ਨੇ ‘ਇੱਕ ਵੱਡਾ ਸ਼ੀਸ਼ਾ’ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਾਹਮਣੇ ਵੀ ਧਰ ਦਿੱਤਾ ਹੈ। ਜੇਕਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਗੱਲ ਕਰੀਏ ਤਾਂ ਇੱਥੇ ਸਿਹਤ ਸਹੂਲਤਾਂ ਦੀ ਤਰਸਯੋਗ ਹਾਲਤ ਦੇ ਕਾਰਨ ਲੋਕਾਂ ਵਿੱਚ ਰੋਸ ਲਹਿਰ ਪੈਦਾ ਹੋ ਰਹੀ ਹੈ। ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸਹੂਲਤਾਂ ਦੀ ਕਮੀ ਕਾਰਨ ਬੀਤੇ ਕੱਲ੍ਹ ਇੱਕ ਨੌਜਵਾਨ ਦੀ ਮੌਤ ਹੋਣ ਦੇ ਰੋਸ ਵਜੋਂ ਲੋਕਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਦਾ ਮੁੱਦਾ ਪਹਿਲਾਂ ਹੀ ਭਖਿਆ ਹੋਇਆ ਜਿੱਥੇ ਲੋਕ ਸਪੈਸ਼ਲਿਸਟ ਡਾਕਟਰਾਂ ਤੇ ਬੁਨਿਆਦੀ ਢਾਂਚੇ ਦੀ ਘਾਟ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਚੰਨਣਵਾਲ ਹਸਪਤਾਲ ਵਿੱਚ ਵੀ ਸਪੈਸ਼ਲਿਸਟ ਡਾਕਟਰਾਂ ਅਤੇ ਹੋਰ ਮੈਡੀਕਲ ਅਮਲੇ ਦੀ ਘਾਟ ਸਮੇਤ ਦਵਾਈਆਂ ਦੀ ਘਾਟ ਦੇ ਖ਼ਿਲਾਫ਼ ਵੀ ਲੋਕਾਂ ਵਿੱਚ ਰੋਸ ਦੀ ਲਹਿਰ ਹੈ। ਪਿੰਡਾਂ ਵਿੱਚ ਡਿਸਪੈਂਸਰੀਆਂ/ਸਬ ਸੈਂਟਰਾਂ ਦੇ ਹਾਲਾਤ ਵੀ ਤਰਸਯੋਗ ਹਨ।                                                                     ਪੰਜਾਬ ‘ਚ ‘ਆਪ’ ਸਰਕਾਰ ਦੇ ਗਠਨ ਤੋਂ ਲੈ ਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ‘ਚ ਲੋਕ ਮਾੜੀਆਂ ਸਿਹਤ ਸਹੂਲਤਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਹਲਕਾ ਵਿਧਾਇਕ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਆਪ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮਾੜੀ ਕਾਰਗੁਜ਼ਾਰੀ ਵਾਲੇ ਵਿਧਾਇਕਾਂ ਅਤੇ ਐਮਪੀਜ਼ ਨੂੰ ਵਾਪਸ ਬੁਲਾਉਣ ਭਾਵ ਉਹਨਾਂ ਦੀ ਮੈਂਬਰੀ ਰੱਦ ਕਰਨ ਦਾ ਬਿੱਲ ਪੇਸ਼ ਕੀਤਾ, ਰਾਘਵ ਚੱਢਾ ਦੀ ਗੱਲ ਕੇਂਦਰ ਸਰਕਾਰ ਮੰਨੇਗੀ ਜਾਂ ਨਹੀਂ ਮੰਨੇਗੀ ਇਹ ਤਾਂ ਭਵਿੱਖ ਦੀ ਬੁੱਕਲ ਵਿੱਚ ਹੈ ਪ੍ਰੰਤੂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ‘ਤੇ ਰਾਘਵ ਚੱਢਾ ਦੀਆਂ ਗੱਲਾਂ ਦਾ ਅਸਰ ਹੋਣ ਲੱਗਾ ਹੈ। ‌ ਹਲਕਾ ਮਹਿਲ ਕਲਾਂ ਵਿੱਚ ਲੋਕਾਂ ਨੇ ਹਲਕਾ ਵਿਧਾਇਕ ਤੋਂ ਅਸਤੀਫ਼ਾ ਮੰਗ ਲਿਆ ਹੈ। ਹਲਕੇ ਵਿੱਚ ਮਾੜੀਆਂ ਸਿਹਤ ਸਹੂਲਤਾਂ ਦੇ ਖ਼ਿਲਾਫ਼ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਲੋਕਾਂ ਦੀ ਅਗਵਾਈ ਕਰਤਾ ਨੌਜਵਾਨ ਆਗੂ ਹਰਜੀਤ ਸਿੰਘ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਲਕਾ ਵਿਧਾਇਕ ਦੀ ਕਾਰਜਗੁਜਾਰੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਵਿਧਾਇਕ ਸਾਹਿਬ ਹਲਕੇ ਵਿੱਚ ਸਿਹਤ ਸਹੂਲਤਾਂ ਨਹੀਂ ਸੁਧਾਰ ਸਕਦੇ ਤਾਂ ਉਹਨਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਲੋਕਾਂ ਵਿੱਚ ਇਹ ਵੀ ਹੈਰਾਨੀ ਹੈ ਕਿ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵਰਗੀ ਪਾਵਰਫੁੱਲ ਕਮੇਟੀ ਦਾ ਮੁਖੀ ਹੋਣ ਦੇ ਨਾਤੇ ਵੀ ਜੇਕਰ ਕੋਈ ਵਿਧਾਇਕ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਦੀ ਤਰਸਯੋਗ ਹਾਲਤ ਨਹੀਂ ਸੁਧਾਰ ਸਕਦਾ ਤਾਂ ਵਿਧਾਇਕ ਦੀ ਕਾਰਜਗੁਜਾਰੀ ਨੂੰ ਕਿਹੜੇ ਪੈਮਾਨੇ ਨਾਲ ਮਾਪਿਆ ਜਾਵੇ।

                                                                    ਸ਼ੇਰਪੁਰ ਖੇਤਰ ਵਿੱਚ ਮਾੜੀਆਂ ਸਿਹਤ ਸਹੂਲਤਾਂ ਦੇ ਖ਼ਿਲਾਫ਼ ਨਸ਼ਾ ਛਡਾਊ ਕਮੇਟੀ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਨੌਜਵਾਨ ਬਲਵਿੰਦਰ ਸਿੰਘ ਬਿੰਦਾ ਨੇ ਝੰਡਾ ਚੁੱਕ ਲਿਆ ਹੈ ਜਦਕਿ ਮਹਿਲ ਕਲਾਂ ਖੇਤਰ ਵਿੱਚ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮਾਮਲੇ ‘ਤੇ ਗੱਲਬਾਤ ਕਰਦੇ ਹੋਏ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਸਾਡਾ ਕਿਸੇ ‘ਵਿਅਕਤੀ ਵਿਸ਼ੇਸ਼’ ਨਾਲ ਕੋਈ ਟਕਰਾਅ ਨਹੀਂ ਹੈ ਸਗੋਂ ਅਸੀਂ ਆਮ ਲੋਕਾਂ ਲਈ ਚੰਗੀਆਂ ਸਿਹਤ ਸਹੂਲਤਾਂ ਦੀ ਮੰਗ ਕਰ ਰਹੇ ਹਾਂ ਜਿਹੜੀਆਂ ਕਿ ਹਲਕੇ ਵਿੱਚ ਨਾਮਾਤਰ ਹਨ। ਹਰਜੀਤ ਸਿੰਘ ਖਿਆਲੀ ਨੇ ਆਪਣੀ ਮੰਗ ਨੂੰ ਦਹਰਾਉਂਦੇ ਹੋਏ ਕਿਹਾ ਕਿ ਜੇਕਰ ਹਲਕਾ ਵਿਧਾਇਕ ਸ਼ੇਰਪੁਰ, ਮਹਿਲ ਕਲਾਂ, ਚੰਨਣਵਾਲ ਵਿਖੇ ਕਰੋੜਾਂ ਰੁਪਏ ਦੀਆਂ ਹਸਪਤਾਲਾਂ ਦੀਆਂ ਇਮਾਰਤਾਂ ਵਿੱਚ ਡਾਕਟਰਾਂ/ਦਵਾਈਆਂ, ਬੁਨਿਆਦੀ ਸਹੂਲਤਾਂ ਦੀ ਘਾਟ ਪੂਰੀ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

Gee98 Ads
error: Content is protected !!