Gee 98News

ਚੰਡੀਗੜ੍ਹ 23 ਫਰਵਰੀ, Gee98 News service-

-ਸਾਡੇ ਦੇਸ਼ ਦੀਆਂ ਅਦਾਲਤਾਂ ਵਿੱਚ ਰੋਜ਼ਾਨਾ ਵੱਖ-ਵੱਖ ਤਰ੍ਹਾਂ ਦੇ ਮਾਮਲੇ ਆਉਂਦੇ ਹਨ ਇਹਨਾਂ ਵਿੱਚੋਂ ਕੁਝ ਮਾਮਲੇ ਹੈਰਾਨ ਕਰਨ ਵਾਲੇ ਹੁੰਦੇ ਹਨ ਜਦਕਿ ਕੁਝ ਮਾਮਲੇ ਸੋਚਣ ਲਈ ਵੀ ਮਜ਼ਬੂਰ ਕਰਦੇ ਹਨ। ਪਿਛਲੇ ਦਿਨੀਂ ਪੂਨੇ ਦੀ ਇੱਕ ਅਦਾਲਤ ਵਿੱਚ ਪਤੀ ਪਤਨੀ ਦੇ ਰਿਸ਼ਤੇ ਸਬੰਧੀ ਵੀ ਅਜਿਹਾ ਮਾਮਲਾ ਆਇਆ ਜਿਸ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਜੱਜ ਨੇ ਤੁਰੰਤ ਦੋਵਾਂ ਦਾ ਵਿਆਹ ਰੱਦ ਕਰਨ ਦਾ ਹੁਕਮ ਦੇ ਦਿੱਤਾ। ਅਦਾਲਤ ਪਹੁੰਚੀ ਪਤਨੀ ਨੇ ਕਿਹਾ ਕਿ ਉਹਨਾਂ ਦੇ ਵਿਆਹ ਤੋਂ ਬਾਅਦ ਵੀ ਉਸਦੇ ਪਤੀ ਨੇ ਲਗਾਤਾਰ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਸਿਰਫ਼ ਇੱਕ ਰਸਮ ਬਣ ਕੇ ਰਹਿ ਗਈ ਹੈ। ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਆਪਣੇ ਵਿਆਹੁਤਾ ਜੀਵਨ ਨੂੰ ਆਮ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੇ ਪਤੀ ਨੇ ਲਗਾਤਾਰ ਦੂਰੀ ਬਣਾਈ ਰੱਖੀ ਅਤੇ ਵਿਆਹ ਤੋਂ ਬਾਅਦ ਜੋੜੇ ਵਿਚਕਾਰ ਕੋਈ ਸਹਿਮਤੀ ਵਾਲਾ ਸਰੀਰਕ ਸਬੰਧ ਨਹੀਂ ਬਣਿਆ। ਪਤਨੀ ਨੇ ਕਿਹਾ ਕਿ ਜਦੋਂ ਸਥਿਤੀ ਅਸਹਿਣਯੋਗ ਹੋ ਗਈ ਤਾਂ ਉਸਨੂੰ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ। ਦੂਜੇ ਪਾਸੇ ਪਤੀ ਨੇ ਵੀ ਅਦਾਲਤ ਵਿੱਚ ਦੋਵਾਂ ਵਿਚਕਾਰ ਸਰੀਰਕ ਸਬੰਧਾਂ ਦੀ ਘਾਟ ਨੂੰ ਸਵੀਕਾਰ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਬਿਨਾਂ ਕਿਸੇ ਲੰਮੀ ਸੁਣਵਾਈ ਦੇ ਵਿਆਹ ਨੂੰ ਰੱਦ ਕਰ ਦਿੱਤਾ।

                                                        ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਪੜੇ ਲਿਖੇ ਪਰਿਵਾਰਾਂ ਦੀ ਸਹਿਮਤੀ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਪ੍ਰੰਤੂ ਜਲਦੀ ਹੀ ਉਸਨੂੰ ਅਹਿਸਾਸ ਹੋਇਆ ਕਿ ਉਸ ਦਾ ਪਤੀ ਰਿਸ਼ਤੇ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ ਅਤੇ ਉਸਨੇ ਸਰੀਰਕ ਸੰਬੰਧਾਂ ਤੋਂ ਪਾਸਾ ਵੱਟੀ ਰੱਖਿਆ। ਪਤਨੀ ਨੇ ਦੱਸਿਆ ਕਿ ਜਦੋਂ ਵਾਰ-ਵਾਰ ਵਿਚਾਰ ਵਟਾਂਦਰੇ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਥਿਤੀ ਨਹੀਂ ਬਦਲੀ ਤਾਂ ਉਸਨੇ ਵਿਆਹ ਰੱਦ ਕਰਨ ਲਈ ਪਰਿਵਾਰਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ। ‌ ਅਦਾਲਤ ਦੀ ਸੁਣਵਾਈ ਦੌਰਾਨ ਪਤੀ ਨੇ ਲਿਖਤੀ ਰੂਪ ਵਿੱਚ ਮੰਨਿਆ ਕਿ ਵਿਆਹ ਤੋਂ ਬਾਅਦ ਦੋਵਾਂ ਵਿਚਕਾਰ ਸਹਿਮਤੀ ਨਾਲ ਸਰੀਰਕ ਸਬੰਧ ਨਹੀਂ ਸਨ। ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਵਿਆਹ ਸਿਰਫ਼ ਇੱਕ ਸਮਾਜਿਕ ਇਕਰਾਰਨਾਮਾ ਨਹੀਂ ਹੈ ਸਗੋਂ ਵਿਆਹੁਤਾ ਜ਼ਿੰਮੇਵਾਰੀਆਂ ਤੇ ਆਧਾਰਿਤ ਸੰਸਥਾ ਹੈ, ਜੇਕਰ ਪਤੀ ਪਤਨੀ ਵਿਚਕਾਰ ਵਿਆਹੁਤਾ ਸਬੰਧ ਸਥਾਪਿਤ ਨਹੀਂ ਹੁੰਦੇ ਤਾਂ ਵਿਆਹ ਦਾ ਉਦੇਸ਼ ਹੀ ਅਧੂਰਾ ਰਹਿੰਦਾ ਹੈ। ਅਦਾਲਤ ਨੇ ਇਹ ਵੀ ਸਵੀਕਾਰ ਕੀਤਾ ਕਿ ਅਜਿਹੇ ਮਾਮਲਿਆਂ ਵਿੱਚ ਬੇਲੋੜੀ ਦੇਰੀ ਦੋਵਾਂ ਧਿਰਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਵਿਆਹ ਵਿੱਚ ਸਰੀਰਕ ਨੇੜਤਾ ਸਿਰਫ਼ ਇੱਕ ਨਿੱਜੀ ਮਾਮਲਾ ਨਹੀਂ ਹੈ ਬਲਕਿ ਵਿਆਹੁਤਾ ਜੀਵਨ ਦਾ ਇੱਕ ਜ਼ਰੂਰੀ ਤੱਤ ਹੈ, ਜੇਕਰ ਵਿਆਹੁਤਾ ਜੀਵਨ ਵਿੱਚੋਂ ਇਹ ਤੱਤ ਗ਼ੈਰ ਹਾਜ਼ਰ ਹੈ ਤਾਂ ਦੋਵੇਂ ਧਿਰਾਂ ਇਸ ਨੂੰ ਸਵੀਕਾਰ ਕਰਦੀਆਂ ਹਨ ਤਾਂ ਵਿਆਹ ਨੂੰ ਰੱਦ ਕਰਨ ਲਈ ਕਾਨੂੰਨੀ ਤੌਰ ‘ਤੇ ਜਾਇਜ਼ ਮੰਨਿਆ ਜਾ ਸਕਦਾ ਹੈ। ਪਤੀ ਪਤਨੀ ਵਿਚਕਾਰ ਸਰੀਰਿਕ ਸਬੰਧਾਂ ਦੀ ਘਾਟ ਸਬੰਧੀ ਸੁਣਾਇਆ ਅਦਾਲਤ ਦਾ ਇਹ ਫੈਸਲਾ ਸਪੱਸ਼ਟ ਦਰਸਾਉਂਦਾ ਹੈ ਕਿ ਭਾਰਤੀ ਅਦਾਲਤਾਂ ਹੁਣ ਵਿਆਹੁਤਾ ਵਿਵਾਦਾਂ ਲਈ ਇੱਕ ਵਿਹਾਰਕ ਅਤੇ ਸੰਵੇਦਨਸ਼ੀਲ ਪਹੁੰਚ ਅਪਣਾ ਰਹੀਆਂ ਹਨ।

Gee98 Ads

Leave a Reply

Your email address will not be published. Required fields are marked *

error: Content is protected !!