ਚੰਡੀਗੜ੍ਹ ,21 ਮਾਰਚ, Gee98 news service-
-ਵੇਅਰਹਾਊਸ ਦੇ ਇੱਕ ਜ਼ਿਲ੍ਹਾ ਮੈਨੇਜਰ ਵੱਲੋਂ ਆਤਮਹੱਤਿਆ ਦੇ ਮਾਮਲੇ ‘ਚ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਲਾਲਜੀਤ ਸਿੰਘ ਭੁੱਲਰ ਨੇ ਭਾਵੇਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਪਰੰਤੂ ਇਹ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਮ੍ਰਿਤਕ ਜ਼ਿਲ੍ਹਾ ਮੈਨੇਜਰ ਵੇਅਰਹਾਊਸ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੇ ਉਸ ਦੀ ਦੇਹ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰਿਵਾਰ ਦੀ ਮੰਗ ਹੈ ਕਿ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਦੇ ਬੋਰਡ ਤੋਂ ਕਰਵਾਇਆ ਜਾਵੇ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਲਾਲਜੀਤ ਸਿੰਘ ਭੁੱਲਰ ਅਤੇ ਉਸਦੇ ਪਿਤਾ ‘ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ। ਜ਼ਿਲ੍ਹਾ ਮੈਨੇਜਰ ਰੰਧਾਵਾ ਦੀ ਵਾਇਰਲ ਹੋ ਰਹੀ ਇੱਕ ਵੀਡੀਓ ਕਲਿੱਪ, ਜਿਸ ਵਿੱਚ ਆਖ ਰਿਹਾ ਹੈ ਕਿ ਉਸਨੇ 10 ਲੱਖ ਰੁਪਏ ਲੈ ਕੇ ਟੈਂਡਰ ਪਾਸ ਕੀਤੇ ਹਨ, ਨੇ ਸਰਕਾਰ ਲਈ ਹੋਰ ਸਿਰਦਰਦੀ ਖੜੀ ਕਰ ਦਿੱਤੀ ਹੈ। ਕਿਉਂਕਿ ਇਸ ਵੀਡੀਓ ਕਲਿੱਪ ਸਬੰਧੀ ਦੋਸ਼ ਇਹ ਲਏ ਲਗਾਏ ਜਾ ਰਹੇ ਹਨ ਕਿ ਇਹ ਲਾਲਜੀਤ ਸਿੰਘ ਭੁੱਲਰ ਵੱਲੋਂ ਮੈਨੇਜਰ ਰੰਧਾਵਾ ਦੀ ਕੁੱਟਮਾਰ ਕਰਕੇ ਬਣਾਈ ਗਈ ਸੀ, ਜਿਸ ਵਿੱਚ ਉਹ ਮਜਬੂਰੀਵੱਸ ਹੀ 10 ਲੱਖ ਦੀ ਰਿਸ਼ਵਤ ਲੈਣ ਦੀ ਗੱਲ ਕਰ ਰਿਹਾ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਪਰਿਵਾਰ ‘ਤੇ ਸਸਕਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਪ੍ਰੰਤੂ ਵੇਅਰਹਾਊਸ ਦੇ ਮੁਲਾਜ਼ਮਾਂ ਦੀ ਜਥੇਬੰਦੀ ਨੇ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਕੋਈ ਦਬਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪ੍ਰਭਾਵਿਤ ਨਾ ਹੋਵੇ ਇਸੇ ਕਰਕੇ ਭੁੱਲਰ ਤੋਂ ਅਸਤੀਫ਼ਾ ਲੈ ਗਿਆ ਹੈ ਪਰੰਤੂ ਮੁੱਖ ਮੰਤਰੀ ਦੇ ਇਸ ਬਿਆਨ ‘ਤੇ ਹੈਰਾਨੀ ਪ੍ਰਗਟ ਹੁੰਦੀ ਹੈ ਕਿ ਆਖਰ ਐਫਆਈਆਰ ਦਰਜ ਹੋਣ ਤੋਂ ਬਿਨਾਂ ਕਿਹੜੀ ਜਾਂਚ ਹੋਵੇਗੀ। ਇਸ ਦਰਦਨਾਕ ਘਟਨਾ ਦਾ ਇੱਕ ਦੂਜਾ ਪਹਿਲੂ ਇਹ ਵੀ ਹੈ ਕਿ ਮੰਤਰੀ ਵੱਲੋਂ ਆਪਣੇ ਪਿਤਾ ਦੇ ਨਾਂ ‘ਤੇ ਟੈਂਡਰ ਪਾਏ ਜਾਣ ਦੀ ਪ੍ਰਕਿਰਿਆ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਵੱਲ ਵੀ ਸਿੱਧਾ ਸੰਕੇਤ ਹੈ, ਜਿਸ ਦੀ ਵੱਖਰੇ ਤੌਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ।









