ਚੰਡੀਗੜ੍ਹ, 26 ਮਾਰਚ, Gee98 news service-
ਪੰਜਾਬ ਪੁਲਿਸ ਦੇ SP ਰੈਂਕ ਦੇ ਅਧਿਕਾਰੀ ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਲੱਗੇ ਹਨ। ਇਹਨਾਂ ਦੋਸ਼ਾਂ ਸਬੰਧੀ ਪੀੜ੍ਹਤ ਔਰਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਪੀੜ੍ਹਤ ਔਰਤ ਨੇ ਕਿਹਾ ਕਿ SP ਨੇ ਇੱਕ ਮਾਮਲੇ ‘ਚ ਮਦਦ ਦੇ ਬਹਾਨੇ ਉਸਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਫਿਰ ਕਈ ਵਾਰ ਬਲਾਤਕਾਰ ਕੀਤਾ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਖੁਦ ਵਿਆਹੁਤਾ ਹੋਣ ਦੇ ਬਾਵਜੂਦ ਵੀ ਐਸਪੀ ਨੇ ਉਸ ਨਾਲ ਇਕ ਮੰਦਰ ਵਿੱਚ ਵਿਆਹ ਦਾ ਡਰਾਮਾ ਕੀਤਾ। ਪੀੜ੍ਹਤ ਔਰਤ ਨੇ ਕਿਹਾ ਕਿ ਇਸ ਦੌਰਾਨ ਉਹ ਗਰਭਵਤੀ ਹੋ ਗਈ ਤਾਂ ਐਸਪੀ ਨੇ ਦੋ ਵਾਰ ਉਸਦਾ ਗਰਭਪਾਤ ਵੀ ਕਰਵਾਇਆ। ਪੀੜ੍ਹਤ ਔਰਤ ਨੇ ਐਸਪੀ ‘ਤੇ ਕੁਰੱਪਸ਼ਨ ‘ਤੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਕੁਰੱਪਸ਼ਨ ਦੇ ਪੈਸੇ ਨਾਲ ਹੀ ਉਸਨੇ ਉਸਨੂੰ ਘਰ ਦਿਵਾਇਆ ਪ੍ਰੰਤੂ ਜਦੋਂ ਉਸਦੀ ਪਹਿਲੀ ਪਤਨੀ ਨੂੰ ਪਤਾ ਲੱਗਿਆ ਤਾਂ ਉਸਨੇ ਇਹ ਘਰ ਵੇਚ ਦਿੱਤਾ ਤੇ ਉਸ ਨਾਲ ਕੁੱਟਮਾਰ ਕਰਨ ਲੱਗਿਆ। ਹਾਈਕੋਰਟ ਵਿੱਚ ਦਾਇਰ ਪਟੀਸ਼ਨ ‘ਚ ਔਰਤ ਨੇ ਕਿਹਾ ਕਿ ਉਸਨੇ ਇਸ ਮਾਮਲੇ ‘ਚ ਮੋਗਾ ਦੇ ਐਸਐਸਪੀ ਨੂੰ ਸ਼ਿਕਾਇਤ ਵੀ ਕੀਤੀ ਸੀ ਪ੍ਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਸਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਵਿੱਚ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ IG ਪੱਧਰ ਦੇ ਇੱਕ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਜਾਂਚ ਤਿੰਨ ਹਫਤਿਆਂ ਵਿੱਚ ਪੂਰੀ ਕੀਤੀ ਜਾਵੇ। ਹਾਈਕੋਰਟ ਨੇ ਪੀੜ੍ਹਤ ਔਰਤ ਵੱਲੋਂ ਐਸਐਸਪੀ ਨੂੰ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਕਾਰਵਾਈ ‘ਚ ਦੇਰੀ ਲਈ ਵੀ ਨਰਾਜ਼ਗੀ ਪ੍ਰਗਟ ਕਰਦੇ ਹੋਏ ਇਸ ਨੂੰ ਗੰਭੀਰ ਮਾਮਲਾ ਦੱਸਿਆ। ਹਾਈਕੋਰਟ ਨੇ ਹੁਕਮ ਦਿੱਤਾ ਕਿ ਜਾਂਚ ਅਧਿਕਾਰੀ ਪੂਰੀ ਨਿਰਪੱਖਤਾ ਨਾਲ ਜਾਂਚ ਕਰੇ। ਦਰ ਅਸਲ ਇਹ ਮਾਮਲਾ ਸਾਲ 2015 ਦਾ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਹੈ ਜਿਸ ਵਿੱਚ ਐਸਐਸਪੀ ਨੂੰ ਸ਼ਿਕਾਇਤ ਦੇਣ ਤੋਂ 10 ਸਾਲਾਂ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।









