ਚੰਡੀਗੜ੍ਹ ,27 ਮਾਰਚ , Gee98 news service-
-ਪੰਜਾਬ ‘ਚ ਵਿਰੋਧੀ ਪਾਰਟੀਆਂ ਦੇ ਵੱਡੇ ਨੇਤਾ ਅਕਸਰ ਇਹ ਦੋਸ਼ ਲਗਾਉਂਦੇ ਰਹਿੰਦੇ ਹਨ ਕਿ ਪੰਜਾਬ ‘ਚ ਭਗਵੰਤ ਮਾਨ ਸਿਰਫ਼ ਨਾਮ ਦਾ ਮੁੱਖ ਮੰਤਰੀ ਹੈ ਅਸਲ ਵਿੱਚ ਕੋਈ ਹੋਰ ਪੰਜਾਬ ਨੂੰ ਚਲਾ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਨੇਤਾ ਇਹ ਦੋਸ਼ ਵੀ ਲਗਾਉਂਦੇ ਰਹੇ ਹਨ ਕਿ ਭਗਵੰਤ ਮਾਨ ਨੂੰ ਪਤਾ ਹੀ ਨਹੀਂ ਕਿ ਪੰਜਾਬ ‘ਚ ਹੋ ਕੀ ਰਿਹਾ ਹੈ, ਹੈਰਾਨੀ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਧੀਨ ਵਿਭਾਗਾਂ ‘ਚ ਵੱਡੇ ਪੱਧਰ ‘ਤੇ ਗੜਬੜੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪ੍ਰੰਤੂ ਮੁੱਖ ਮੰਤਰੀ ਵੱਲੋਂ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆ ਰਿਹਾ ਜਿਸ ਤੋਂ ਬਾਅਦ ਪੰਜਾਬ ਦੇ ‘ਅਸਲ ਮੁੱਖ ਮੰਤਰੀ ਦੀ ਸ਼ੰਕਾ’ ਹੋਰ ਵੀ ਪੱਕੀ ਹੋ ਜਾਂਦੀ ਹੈ। ਪੰਜਾਬ ਦੇ ਆਂਗਨਵਾੜੀ ਸੈਂਟਰਾਂ ‘ਚ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਦਿੱਤੇ ਜਾ ਰਹੇ ਖਾਣੇ ਦੀ ਘਟੀਆ ਕੁਆਲਿਟੀ ਉੱਪਰ ਬਹੁਤ ਚਰਚਾ ਹੋ ਰਹੀ ਹੈ ਪਰੰਤੂ ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀ ਜਦਕਿ ਇਹ ਵਿਭਾਗ ਮੁੱਖ ਮੰਤਰੀ ਕੋਲ ਹੀ ਹੈ। ਹੁਣ ਇੱਕ ਹੋਰ ਹੈਰਾਨੀਜਨਕ ਖੁਲਾਸਾ ਸਾਹਮਣੇ ਆ ਰਿਹਾ ਜਿਸ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿੱਧੇ ਸਵਾਲ ਖੜੇ ਕੀਤੇ ਹਨ ਕਿਉਂਕਿ ਖੁਲਾਸਿਆਂ ਤਹਿਤ ਘੇਰੇ ਵਿੱਚ ਆਇਆ ਵਿਭਾਗ ਵੀ ਮੁੱਖ ਮੰਤਰੀ ਕੋਲ ਹੀ ਹੈ। ਭਾਰਤੀ ਫੌਜ ਨੇ ਮਿਲਕਫੈੱਡ ਦੇ ਲੁਧਿਆਣਾ ਪਲਾਂਟ ਵੱਲੋਂ ਸਪਲਾਈ ਕੀਤੇ ਗਏ ਕਰੀਬ 125 ਮੀਟਰਿਕ ਟਨ ਸੁੱਕੇ ਦੁੱਧ ਦੀ ਪੂਰੀ ਖੇਪ ਨੂੰ ਗੁਣਵੱਤਾ ਦੇ ਆਧਾਰ ਤੇ ਰੱਦ ਕਰ ਦਿੱਤਾ ਹੈ। ਮਿਲਕਫੈਡ ਵੱਲੋਂ ਭੇਜੇ ਸੁੱਕੇ ਦੁੱਧ ਦੇ ਪਾਊਡਰ ਅਤੇ ਹੋਰ ਖਾਧ ਪਦਾਰਥਾਂ ਦੇ ਸੈਂਪਲ ਜਾਂਚ ਵਿੱਚ ਫੇਲ ਪਾਏ ਗਏ ਹਨ। ਫੌਜ ਨੇ ਇਸ ਮਾਮਲੇ ਦੀ ਸੂਚਨਾ ਭਾਰਤੀ ਰੱਖਿਆ ਮੰਤਰਾਲੇ ਨੂੰ ਵੀ ਦਿੱਤੀ ਹੈ।
ਇਹ ਦੁੱਧ ਅਤੇ ਖਾਧ ਪਦਾਰਥ ਵਾਪਸ ਚੁੱਕਣ ਸਬੰਧੀ ਆਫੀਸ਼ੀਅਲੀ ਇੱਕ ਪੱਤਰ ਵੀ ਫੌਜ ਵੱਲੋਂ ਲਿਖਿਆ ਗਿਆ ਹੈ। ਫੌਜ ਵੱਲੋਂ ਲਿਖੇ ਪੱਤਰ ਵਿੱਚ ਇਸ ਗੱਲ ਦਾ ਬਕਾਇਦਾ ਜ਼ਿਕਰ ਕੀਤਾ ਗਿਆ ਹੈ ਕਿ ਖਾਧ ਪਦਾਰਥ ਕੁਆਲਿਟੀ ‘ਤੇ ਖਰੇ ਨਹੀਂ ਉਤਰਦੇ ਜਿਸ ਕਰਕੇ ਇਹਨਾਂ ਦੀ ਸਪਲਾਈ ਰੱਦ ਕੀਤੀ ਜਾਂਦੀ ਹੈ। ਇਹ ਦੁੱਧ ਪਾਊਡਰ ਤੇ ਖਾਧ ਪਦਾਰਥ ਸਪਲਾਈ ਕਰਨ ਵਾਲੀਆਂ ਫਰਮਾਂ ਨੂੰ ਪੱਤਰ ਵਿੱਚ ਇਸ ਗੱਲ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਮਿਥੇ ਸਮੇਂ ‘ਚ ਆਰਡਰ ‘ਤੇ ਆਇਆ ਸਾਰਾ ਸਮਾਨ ਵਾਪਸ ਨਹੀਂ ਲਿਆ ਜਾਂਦਾ ਤਾਂ ਇਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਇੱਥੇ ਇਹ ਵੀ ਚਿੰਤਾਜਨਕ ਹੈ ਕਿ ਜਿਹੜਾ ਸਮਾਨ ਫੌਜ ਨੇ ਮਾੜੀ ਕੁਆਲਿਟੀ ਦੇ ਕਾਰਨ ਰੱਦ ਕੀਤਾ ਹੈ ਉਹ ਪੰਜਾਬ ਦੇ ਵਿੱਚ ਬੱਚਿਆਂ ਤੇ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਵੱਡੇ ਸਵਾਲ ਇਸ ਕਰਕੇ ਵੀ ਖੜੇ ਹੁੰਦੇ ਹਨ ਕਿ ਸਬੰਧਤ ਵਿਭਾਗ ਭਗਵੰਤ ਮਾਨ ਮੁੱਖ ਮੰਤਰੀ ਦੇ ਕੋਲ ਹੀ ਹੈ, ਜੇਕਰ ਮੁੱਖ ਮੰਤਰੀ ਦੇ ਆਪਣੇ ਵਿਭਾਗਾਂ ਵਿੱਚ ਅਜਿਹੀਆਂ ਗੜਬੜੀਆਂ ਸਾਹਮਣੇ ਆਉਣਗੀਆਂ ਤਾਂ ਦੂਜੇ ਵਿਭਾਗਾਂ ਦਾ ਰੱਬ ਹੀ ਰਾਖਾ ਮੰਨਿਆ ਜਾ ਸਕਦਾ ਹੈ। ਫੌਜ ਨੇ ਇਹ ਪੱਤਰ ਸਬੰਧਤ ਫਰਮਾਂ ਨੂੰ 12 ਮਾਰਚ 2026 ਨੂੰ ਲਿਖਿਆ ਹੋਇਆ ਹੈ ਪ੍ਰੰਤੂ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਤੇ ਉਹਨਾਂ ਨੇ ਇਸ ਪੱਤਰ ਦੇ ਅਧਾਰ ‘ਤੇ ਸਬੰਧਿਤ ਫਰਮਾਂ ਦੇ ਖ਼ਿਲਾਫ਼ ਕਾਰਵਾਈ ਲਈ ਕੋਈ ਹੁਕਮ ਜਾਰੀ ਕੀਤਾ ਹੈ ਜਾਂ ਨਹੀਂ, ਭਾਵੇਂ ਕਿ ਐਮਡੀ ਰਾਹੁਲ ਗੁਪਤਾ ਨੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਲਈ ਇੱਕ ਤੱਥ ਖੋਜ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਆਂਗਣ ਸੈਂਟਰਾਂ ‘ਚ ਮਾੜੀ ਪੰਜੀਰੀ ਅਤੇ ਹੋਰ ਖਾਧ ਪਦਾਰਥਾਂ ਦੀ ਘਟੀਆ ਕੁਆਲਿਟੀ ਦਾ ਮੁੱਦਾ ਤਾਂ ਪਹਿਲਾਂ ਹੀ ਭਖਿਆ ਹੋਇਆ ਇਹ ਹੁਣ ਤਾਜ਼ਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਅਕਸਰ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਹੁਣ ਤੱਕ ਇੱਕ ਰੁਪਏ ਦੀ ਕੁਰੱਪਸ਼ਨ ਨਹੀਂ ਕੀਤੀ ਪ੍ਰੰਤੂ ਮੁੱਖ ਮੰਤਰੀ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਉੱਠ ਰਹੀਆਂ ਉਂਗਲਾਂ ‘ਤੇ ਚੁੱਪ ਵੱਟੀ ਬੈਠੇ ਹਨ। ਕੀ ਮੁੱਖ ਮੰਤਰੀ ਫੌਜ ਵੱਲੋਂ ਲਿਖੇ ਪੱਤਰ ਦੇ ਅਧਾਰ ‘ਤੇ ਕਿਸੇ ਉੱਚ ਪੱਧਰੀ ਜਾਂਚ ਦੇ ਹੁਕਮ ਦੇਣਗੇ ਕਿਉਂਕਿ ਦੋਸ਼ ਕਿਸੇ ਸਿਆਸੀ ਪਾਰਟੀ ਦੇ ਵਿਰੋਧੀ ਨੇਤਾ ਵੱਲੋਂ ਨਹੀਂ ਸਗੋਂ ਸਿੱਧੇ ਤੌਰ ‘ਤੇ ਫੌਜ ਵੱਲੋਂ ਲੱਗੇ ਹਨ।
ਫੋਟੋ ਕੈਪਸ਼ਨ-ਮਿਲਕ ਪਾਊਡਰ ਦੀ ਸੰਕੇਤਿਕ ਤਸਵੀਰ









