Skip to main content

Gee 98News

ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ

ਬਰਨਾਲਾ ,29 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

-ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ ਸਥਾਨਕ ਬੱਸ ਸਟੈਂਡ ਵਿੱਚ ਅੱਡਾ ਪਰਚੀ ਫੀਸ ਲਗਾ ਕੇ ਅਤੇ ਕੰਟੀਨ ਠੇਕੇ ‘ਤੇ ਦੇ ਕੇ ਲੱਖਾਂ ਰੁਪਏ ਦੀ ਕਮਾਈ ਤਾਂ ਕੀਤੀ ਜਾ ਰਹੀ ਹੈ ਪ੍ਰੰਤੂ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਟਰੱਸਟ ਵੱਡੀ ਲਾਪਰਵਾਹੀ ਕਰ ਰਿਹਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਅੱਤ ਦੀ ਗਰਮੀ ਦੇ ਦਿਨਾਂ ਦੌਰਾਨ ਵੀ ਬੱਸ ਸਟੈਂਡ ਵਿੱਚ ਲੋਕਾਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ ਬੱਸ ਸਟੈਂਡ ਵਿੱਚ ਲੱਗੇ ਵੱਡੀ ਗਿਣਤੀ ਵਿੱਚ ਪੱਖੇ ਗਾਇਬ ਹਨ ਅਤੇ ਜਿਹੜੇ ਲੱਗੇ ਹੋਏ ਹਨ ਉਹ ਖ਼ਰਾਬ ਹਨ। ਜਿਹੜੇ ਪੱਖੇ ਗਾਇਬ ਹਨ ਉਹਨਾਂ ਬਾਰੇ ਇਹ ਜਾਣਕਾਰੀ ਵੀ ਕਿਸੇ ਅਧਿਕਾਰੀ ਕੋਲ ਨਹੀਂ ਕਿ ਕਿਤੇ ਉਹ ਚੋਰੀ ਤਾਂ ਨਹੀਂ ਹੋ ਗਏ ? ਬੱਸ ਸਟੈਂਡ ਵਿੱਚ ਰਾਤ ਵੇਲੇ ਢੁਕਵੀਆਂ ਲਾਈਟਾਂ ਦਾ ਵੀ ਪ੍ਰਬੰਧ ਨਹੀਂ ਹੈ, ਬਹੁਤ ਸਾਰੀਆਂ ਲਾਈਟਾਂ ਟੁੱਟੀਆਂ ਹੋਈਆਂ ਹਨ ਜਦਕਿ ਕੁਝ ਲਾਈਟਾਂ ਦੇ ਕਨੈਕਸ਼ਨ ਠੀਕ ਢੰਗ ਨਾਲ ਨਹੀਂ ਹੋਏ।

Gee98 Ads

ਜੇਕਰ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਬੱਸ ਸਟੈਂਡ ਦੀ ਹਦੂਦ ਅੰਦਰ ਸਫ਼ਾਈ ਦੇ ਵੀ ਮੰਦੇ ਹਾਲ ਹਨ, ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਹ ਜਾਣਦੇ ਹੋਏ ਕਿ ਗਰਮੀ ਦੇ ਮੌਸਮ ‘ਚ ਗੰਦਗੀ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ, ਟਰੱਸਟ ਦੇ ਅਧਿਕਾਰੀਆਂ ਵੱਲੋਂ ਗੰਦਗੀ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਬਰਨਾਲਾ ਦੇ ਬੱਸ ਸਟੈਂਡ ਦੀ ਮੌਜੂਦਾ ਮਾੜੀ ਹਾਲਤ ਦੇ ਮੱਦੇਨਜ਼ਰ ਇਹ ਕਹਿਣਾ ਵਾਜਿਬ ਹੋਵੇਗਾ ਕਿ ਟਰੱਸਟ ਦੇ ਅਧਿਕਾਰੀ ਆਪਣੇ ਦਫ਼ਤਰ ਦੇ ਏਸੀ ਕਮਰਿਆਂ ਵਿੱਚ ਗੂੜੀ ਨੀਂਦ ਸੁੱਤੇ ਹੋਏ ਹਨ ਜਦਕਿ ਦੂਜੇ ਪਾਸੇ ਬੱਸ ਸਟੈਂਡ ‘ਤੇ ਸਵਾਰੀਆਂ ਨੂੰ ਪੱਖੇ ਅਤੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਹਾਲੋਂ ਬੇਹਾਲ ਹੋਣਾ ਪੈਂਦਾ ਹੈ। ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਬੱਸ ਸਟੈਂਡ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਤਾਂ ਬੱਸ ਸਟੈਂਡ ਤੋਂ ਹੋਣ ਵਾਲੀ ਲੱਖਾਂ ਰੁਪਏ ਦੀ ਕਮਾਈ ਕਿੱਥੇ ਜਾਂਦੀ ਹੈ।

ਟਰੱਸਟ ਦੇ ਚੇਅਰਮੈਨ ਨੇ ਅਧਿਕਾਰੀਆਂ ਦੀ ਕੀਤੀ ਝਾੜਝੰਬ
ਸਥਾਨਿਕ ਬੱਸ ਸਟੈਂਡ ‘ਚ ਬਿਜਲੀ ਸਪਲਾਈ ਅਤੇ ਪਾਣੀ ਦੀ ਸਪਲਾਈ ਦਾ ਮਾਮਲਾ ਜਦ ਪੱਤਰਕਾਰਾਂ ਵੱਲੋਂ ਟਰੱਸਟ ਦੇ ਦਫ਼ਤਰ ਜਾ ਕੇ ਚੇਅਰਮੈਨ ਰਾਮ ਤੀਰਥ ਮੰਨਾ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਹੀ ਮੌਕੇ ‘ਤੇ ਜ਼ਿੰਮੇਵਾਰ ਅਧਿਕਾਰੀਆਂ ਕਰਮਚਾਰੀਆਂ ਨੂੰ ਬੁਲਾ ਕੇ ਉਹਨਾਂ ਦੀ ਕਲਾਸ ਲਗਾਈ। ਪੱਤਰਕਾਰਾਂ ਵੱਲੋਂ ਧਿਆਨ ਵਿੱਚ ਲਿਆਂਦੇ ਜਾਣ ਤੋਂ ਬਾਅਦ ਬੱਸ ਸਟੈਂਡ ‘ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ ਮਿਲਣ ਦੇ ਮੁੱਦੇ ‘ਤੇ ਚੇਅਰਮੈਨ ਨੇ ਜਿੱਥੇ ਅਫਸੋਸ ਦਾ ਪ੍ਰਗਟਾਵਾ ਕੀਤਾ ਉੱਥੇ ਅਧਿਕਾਰੀਆਂ/ਕਰਮਚਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਅੱਗੇ ਤੋਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Gee98 Ads
error: Content is protected !!