ਚੰਡੀਗੜ੍ਹ , 26 ਸਤੰਬਰ, Gee98 News service-
–ਨਸ਼ੇ ਦੇ ਕਾਰੋਬਾਰ ‘ਚ ਸ਼ਾਮਿਲ ਕਾਊਂਟਰ ਇੰਟੈਲੀਜੈਂਸ ਦੇ ਇੱਕ ਇੰਸਪੈਕਟਰ ਨੂੰ ਫਿਰੋਜ਼ਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ ਇੱਕ ਪੁਲਿਸ ਨਾਕੇ ‘ਤੇ 3 ਕਿਲੋ 350 ਗਰਾਮ ਹੈਰੋਇਨ,6 ਪਿਸਟਲ, 4 ਮੈਗਜ਼ੀਨ ਅਤੇ 17 ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਬਲਦੇਵ ਸਿੰਘ ਨੂੰ ਕਾਬੂ ਕਰਨ ਲਈ ਥਾਣਾ ਘੱਲ ਖੁਰਦ ਦੀ ਪੁਲਿਸ ਨੇ ਨਾਕਾ ਲਗਾਇਆ ਸੀ ਜਿੱਥੇ ਬਲਦੇਵ ਸਿੰਘ ਨੂੰ ਉਸਦੀ i-20 ਕਾਰ ਪੀਬੀ 05 ਏ ਸੀ 65 17 ਸਮੇਤ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਤਲਾਸ਼ੀ ਦੌਰਾਨ ਕਾਰ ਵਿੱਚੋਂ ਉਕਤ ਨਸ਼ੀਲਾ ਪਦਾਰਥ ਅਤੇ ਹਥਿਆਰ ਬਰਾਮਦ ਹੋਏ। ਪੁਲਿਸ ਨੇ ਬਲਦੇਵ ਸਿੰਘ ਦੇ 6 ਮੋਬਾਈਲ ਫੋਨ ਵੀ ਜ਼ਬਤ ਕਰ ਲਏ ਹਨ ਜਿਨਾਂ ਨੂੰ ਤਕਨੀਕੀ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇੰਸਪੈਕਟਰ ਬਲਦੇਵ ਸਿੰਘ ਦੇ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਹ ਪਤਾ ਕਰਨ ਦਾ ਯਤਨ ਕਰੇਗੀ ਕਿ ਫੜੀ ਗਈ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰ ਇੰਸਪੈਕਟਰ ਬਲਦੇਵ ਸਿੰਘ ਕਿਥੋਂ ਲੈ ਕੇ ਆਇਆ ਤੇ ਕਿੱਥੇ ਲਿਜਾ ਰਿਹਾ ਸੀ। ਪੁਲਿਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਇੰਸਪੈਕਟਰ ਬਲਦੇਵ ਸਿੰਘ ਇਸ ਗੋਰਖਧੰਦੇ ਵਿੱਚ ਕਿੰਨੇ ਸਮੇਂ ਤੋਂ ਲੱਗਿਆ ਹੋਇਆ ਸੀ। ਐਸਐਸਪੀ ਨੇ ਕਿਹਾ ਕਿ ਦੋਸ਼ੀ ਦੇ ਪਾਕਿਸਤਾਨ ਨਾਲ ਸੰਬੰਧਾਂ ਦਾ ਵੀ ਸ਼ੱਕ ਹੈ ਜਿਸ ਸਬੰਧੀ ਵੀ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾਵੇਗੀ। ਐਸਐਸਪੀ ਨੇ ਦੱਸਿਆ ਕਿ ਜਦੋਂ ਗੁਪਤ ਸੂਚਨਾ ਦੇ ਅਧਾਰ ‘ਤੇ ਨਾਕੇ ‘ਤੇ ਇੰਸਪੈਕਟਰ ਬਲਦੇਵ ਸਿੰਘ ਦੀ ਗੱਡੀ ਨੂੰ ਪੁਲਿਸ ਕਰਮਚਾਰੀਆਂ ਨੇ ਰੋਕਿਆ ਤਾਂ ਉਸਨੇ ਗੱਡੀ ਤਾਂ ਰੋਕ ਲਈ ਪਰੰਤੂ ਪੁਲਿਸ ਮੁਲਾਜ਼ਮਾਂ ‘ਤੇ ਆਪਣੀ ਇੰਸਪੈਕਟਰੀ ਦਾ ਰੋਹਬ ਝਾੜਨ ਲੱਗਾ, ਇਸ ਤੋਂ ਬਾਅਦ ਵੀ ਪੁਲਿਸ ਕਰਮਚਾਰੀ ਡਰੇ ਨਹੀਂ ਅਤੇ ਉਹਨਾਂ ਨੇ ਗੱਡੀ ਦੀ ਤਲਾਸ਼ੀ ਲੈਣ ਦੀ ਗੱਲ ਕੀਤੀ ਤਾਂ ਬਲਦੇਵ ਸਿੰਘ ਨੇ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਗੱਲ ਕੀਤੀ ਪ੍ਰੰਤੂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜਦ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਹੋਏ।