Gee 98News

ਚੰਡੀਗੜ੍ਹ ,29 ਅਪ੍ਰੈਲ , Gee98 News service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਚੱਲ ਰਹੇ ਇੱਕ ਕੇਸ ਸਬੰਧੀ ਮਾਨਸਾ ਦੀ ਅਦਾਲਤ ਨੇ ਸਖ਼ਤ ਰੁਖ ਅਖ਼ਤਿਆਰ ਤਿਆਰ ਕਰਦੇ ਹੋਏ ਭਗਵੰਤ ਮਾਨ ਨੂੰ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ। ‌ ਦੱਸ ਦੇਈਏ ਕਿ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ‘ਤੇ ਭਗਵੰਤ ਮਾਨ ਨੇ ਪੈਸੇ ਲੈ ਕੇ ਪਾਰਟੀ ਬਦਲਣ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਨਾਜ਼ਰ ਸਿੰਘ ਨੇ ਭਗਵੰਤ ਮਾਨ ‘ਤੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਇਸ ਕੇਸ ਦੀ ਸੁਣਵਾਈ ਦੌਰਾਨ ਭਗਵੰਤ ਮਾਨ 20 ਅਕਤੂਬਰ 2022 ਤੋਂ ਬਾਅਦ ਕਦੇ ਵੀ ਪੇਸ਼ੀ ‘ਤੇ ਨਹੀਂ ਆਏ। ਇਸ ਕੇਸ ਦੀ ਪਿਛਲੀ ਪੇਸ਼ੀ 28 ਅਪ੍ਰੈਲ ਦੀ ਸੀ ਜਦੋਂ ਭਗਵੰਤ ਮਾਨ ਨੂੰ ਅਦਾਲਤ ਨੇ ਨਿੱਜੀ ਤੌਰ ‘ਤੇ ਬੁਲਾਇਆ ਸੀ ਪਰੰਤੂ 28 ਅਪ੍ਰੈਲ ਨੂੰ ਵੀ ਭਗਵੰਤ ਮਾਨ ਨਿੱਜੀ ਤੌਰ ‘ਤੇ ਹਾਜ਼ਰ ਨਹੀਂ ਹੋਏ। 28 ਅਪ੍ਰੈਲ ਨੂੰ ਆਪਣੇ ਨਾ ਆਉਣ ਦਾ ਜਿਹੜਾ ਕਾਰਨ ਭਗਵੰਤ ਮਾਨ ਨੇ ਦੱਸਿਆ ਅਦਾਲਤ ਨੇ ਉਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਭਗਵੰਤ ਮਾਨ ਨੂੰ ਸਖ਼ਤ ਹੁਕਮ ਜਾਰੀ ਕੀਤੇ। ਅਦਾਲਤ ਨੇ ਕਿਹਾ ਕਿ ਜੇਕਰ ਭਗਵੰਤ ਮਾਨ 1 ਮਈ ਨੂੰ ਪੇਸ਼ੀ ‘ਤੇ ਨਾ ਆਏ ਤਾਂ ਜ਼ਮਾਨਤ ਰੱਦ ਹੋ ਜਾਵੇਗੀ ਅਤੇ ਅਦਾਲਤ ਫਿਰ ਹੋਰ ਸਖ਼ਤ ਤਰੀਕਾ ਅਪਣਾਏਗੀ। ‌ ਦੂਜੇ ਪਾਸੇ ਮੁੱਖ ਮੰਤਰੀ ਦੇ ਖ਼ਿਲਾਫ਼ ਅਦਾਲਤ ਵੱਲੋਂ ਸਖ਼ਤ ਹੁਕਮ ਆਉਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ 1 ਮਈ ਨੂੰ ਸਪੈਸ਼ਲ ਸੈਸ਼ਨ ਬੁਲਾਉਣ ਦਾ ਐਲਾਨ ਵੀ ਸਾਹਮਣੇ ਆ ਗਿਆ। ‌ ਸਰਕਾਰ ਦਾ ਕਹਿਣਾ ਹੈ ਕਿ 1 ਮਈ ਨੂੰ ਇਹ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਨੂੰ ਸਮਰਪਿਤ ਹੋਵੇਗਾ ਜਿੱਥੇ ਮਜ਼ਦੂਰਾਂ ਦੀ ਸਮੱਸਿਆਵਾਂ ‘ਤੇ ਚਰਚਾ ਹੋਵੇਗੀ ਪ੍ਰੰਤੂ ਇਹ ਵੀ ਚਰਚਾ ਹੈ ਕਿ ਅਦਾਲਤੀ ਪੇਸ਼ੀ ਤੋਂ ਬਚਣ ਲਈ ਹੀ 1 ਮਈ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਬਹਾਨੇ 1 ਮਈ ਨੂੰ ਵੀ ਭਗਵੰਤ ਮਾਨ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੋਣਗੇ ਜਿਸ ਤੋਂ ਬਾਅਦ ਅਦਾਲਤ ਦੇ ਅਗਲੇ ਹੁਕਮ ‘ਤੇ ਨਜ਼ਰਾਂ ਟਿਕੀਆਂ ਰਹਿਣਗੀਆਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਬਹੁਤ ਸਾਰੇ ਯਤਨ ਕੀਤੇ ਗਏ ਕਿ ਨਾਜ਼ਰ ਸਿੰਘ ਮਾਨਸਾਹੀਆ ਮੁੱਖ ਮੰਤਰੀ ਨਾਲ ਸਮਝੌਤਾ ਕਰ ਲਵੇ ਪਰੰਤੂ ਸਾਬਕਾ ਵਿਧਾਇਕ ਨਾਜ਼ਰ ਸਿੰਘ ਆਪਣੇ ਸਟੈਂਡ ‘ਤੇ ਅੜੇ ਰਹੇ। ਇਸ ਕੇਸ ਵਿੱਚ 20 ਅਕਤੂਬਰ 2022 ਤੋਂ ਬਾਅਦ ਅਦਾਲਤ ਅੱਗੇ ਪੇਸ਼ ਨਾ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਅਦਾਲਤਾਂ ਪ੍ਰਤੀ ਸਤਿਕਾਰ ਵੀ ਬਾਖ਼ੂਬੀ ਸਾਹਮਣੇ ਆਉਂਦਾ ਹੈ ਕਿ ਉਹ ਕਾਨੂੰਨ ਦਾ ਕਿਸ ਤਰੀਕੇ ਨਾਲ ਕਿੰਨਾ ਕੁ ਸਤਿਕਾਰ ਕਰਦੇ ਹਨ, ਇਸ ਸਬੰਧੀ ਵੱਡੀ ਮਿਸਾਲ ਮੁੱਖ ਮੰਤਰੀ ਵਾਲੇ ਪਾਸੇ ਤੋਂ 1 ਮਈ ਨੂੰ ਵੀ ਮਿਲੇਗੀ। ‌

Leave a Reply

Your email address will not be published. Required fields are marked *

error: Content is protected !!