Gee 98News

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਵਿਸ਼ੇਸ਼ ਰਿਪੋਰਟ-

ਬਰਨਾਲਾ,1 ਮਈ, ( ਨਿਰਮਲ ਸਿੰਘ ਪੰਡੋਰੀ )-

ਵਿਸ਼ਵ ਪ੍ਰਸਿੱਧ ਉਦਯੋਗਿਕ ਸੰਸਥਾ ਟਰਾਈਡੈਂਟ ਦੀ ਬਰਨਾਲਾ ਜ਼ਿਲ੍ਹੇ ਦੀ ਧੌਲਾ ਯੂਨਿਟ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਛਾਪਾਮਾਰੀ ਨੇ ਬਰਨਾਲਾ ਦਾ ਸਿਆਸੀ ਮਾਹੌਲ ਗਰਮ ਕਰ ਦਿੱਤਾ ਹੈ। ਚੇਤੇ ਰਹੇ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟਰਾਈਡੈਂਟ ਦੇ ਖ਼ਿਲਾਫ਼ ਇਹ ਕਾਰਵਾਈ ਟਰਾਈਡੈਂਟ ਦੇ ਮਾਲਕ ਅਤੇ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਸਿਆਸੀ ਪਾਲਾ ਬਦਲਣ ਤੋਂ ਬਾਅਦ ਹੋਈ ਹੈ। ‌ ਸਰਕਾਰ ਦਾ ਤਰਕ ਹੈ ਕਿ ਟਰਾਈਡੈਂਟ ਦੇ ਖ਼ਿਲਾਫ਼ ਇਹ ਕਾਰਵਾਈ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਕੀਤੀ ਗਈ ਹੈ ਪ੍ਰੰਤੂ ਸਰਕਾਰ ਵੱਲੋਂ ਕਾਰਵਾਈ ਲਈ ਚੁਣੇ ਗਏ ਸਮੇਂ ਕਰਕੇ ਸਵਾਲ ਖੜੇ ਹੋ ਰਹੇ ਹਨ। ਲੋਕ ਚਰਚਾ ਹੈ ਕਿ ਰਾਜਿੰਦਰ ਗੁਪਤਾ ਵੱਲੋਂ ‘ਝਾੜੂ’ ਸੁੱਟ ਕੇ ‘ਕਮਲ ਦਾ ਫੁੱਲ’ ਆਪਣੀ ਜੇਬ ‘ਤੇ ਲਗਾਉਣ ਦੀ ਕਾਰਵਾਈ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਪਸੰਦ ਨਹੀਂ ਆਈ। ਇਹ ਠੀਕ ਹੈ ਕਿ ਕੁਦਰਤੀ ਸੋਮਿਆਂ ਨੂੰ ਸਾਫ਼ ਸੁਥਰਾ ਰੱਖਣਾ ਹਰ ਇੱਕ ਦਾ ਮੁੱਢਲਾ ਫਰਜ਼ ਹੈ ਪਰੰਤੂ ਜੇਕਰ ਉਦਯੋਗਿਕ ਖੇਤਰ ਦੇ ਨਜ਼ਰੀਏ ਤੋਂ ਇਸ ਧਾਰਨਾ ਨੂੰ ਵੇਖਿਆ ਜਾਵੇ ਤਾਂ ਕੋਈ ਵੀ ਉਦਯੋਗਿਕ ਇਕਾਈ 100 ਫੀਸਦੀ ਦੁੱਧ ਧੋਤੀ ਨਹੀਂ ਹੈ। ਇਹ ਵੀ ਵੇਖਿਆ ਹੈ ਕਿ ਕਿ ਜਿਹੜੇ ਉਦਯੋਗਿਕ ਅਦਾਰੇ ਸਰਕਾਰਾਂ ਦੀ ਬੁੱਕਲ ਵਿੱਚ ਬੈਠੇ ਹਨ ਉਹਨਾਂ ਦੇ ਗੰਦ ਵਿੱਚ ਭਾਵੇਂ ਲੋਕ ਸੂਰ ਵਾਂਗੂ ਲਿਬੜੀ ਜਾਣ, ਉਹਨਾਂ ਪ੍ਰਤੀ ਸਰਕਾਰਾਂ ਦੀਆਂ ਅੱਖਾਂ ਤੇ ਕੰਨ ਬੰਦ ਰਹਿੰਦੇ ਹਨ ਪ੍ਰੰਤੂ ਜਿਹੜੇ ਉਦਯੋਗਿਕ ਅਦਾਰੇ ਹਕੂਮਤਾਂ ਦੀ ‘ਜੀ ਹਜ਼ੂਰੀ’ ਨਹੀਂ ਕਰਦੇ ਉਹਨਾਂ ਉਦਯੋਗਿਕ ਅਦਾਰਿਆਂ ਦੇ ਮੁਖੀਆਂ ਦਾ ਕਬੂਤਰ ਦੀ ਬਿਂਠ ਜਿੰਨਾ ਨਜ਼ਲਾ ਵੀ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਜਾਂਦਾ ਹੈ। ਬਹਰਰਾਲ ! ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ਸਬੰਧੀ ਬਰਨਾਲਾ ਸ਼ਹਿਰ ਵਿੱਚ ਵੱਖੋ ਵੱਖ ਤਰ੍ਹਾਂ ਦੀ ਚਰਚਾ ਸਾਹਮਣੇ ਆ ਰਹੀ ਹੈ। ਆਓ ਜਾਣਦੇ ਹਾਂ ਸ਼ਹਿਰ ਦੇ ਕੁਝ ਪ੍ਰਮੁੱਖ ਆਗੂਆਂ ਦੇ ਇਸ ਕਾਰਵਾਈ ਪ੍ਰਤੀ ਵਿਚਾਰ….
ਇਹ ਬਦਲਾਖ਼ੋਰੀ ਦੀ ਰਾਜਨੀਤੀ ਦੀ ਸਭ ਤੋਂ ਗੰਦੀ ਮਿਸਾਲ ਹੈ-ਸੰਜੀਵ ਸ਼ੋਰੀ
ਟਰਾਈਡੈਂਟ ਦੀ ਧੌਲਾ ਫੈਕਟਰੀ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰੇਡ ਸਬੰਧੀ ਸੀਨੀਅਰ ਅਕਾਲੀ ਆਗੂ ਸੰਜੀਵ ਸ਼ੋਰੀ ਨੇ ਕਿਹਾ ਕਿ ਇਹ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਬਦਲਾਖ਼ੋਰੀ ਨੀਤੀ ਤਹਿਤ ਕੀਤੀ ਗਈ ਕਾਰਵਾਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਰਾਜਿੰਦਰ ਗੁਪਤਾ ਨੇ ਆਪਣੀ ਆਜ਼ਾਦ ਸੋਚ ਮੁਤਾਬਕ ਆਪਣਾ ਸਿਆਸੀ ਫੈਸਲਾ ਲਿਆ ਜੋ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਆਇਆ। ਸੰਜੀਵ ਸ਼ੋਰੀ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਨਿਵੇਸ਼ ਦੀਆਂ ਸੰਭਾਵਨਾਵਾਂ ‘ਤੇ ਅਸਰ ਪੈਣਾ ਸੁਭਾਵਿਕ ਹੀ ਹੈ।
ਇਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨਿੰਦਣਯੋਗ ਕਾਰਵਾਈ ਹੈ-ਮਹੇਸ਼ ਲੋਟਾ
ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਵੱਲੋਂ ਆਪ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਅਦਾਰੇ ਟਰਾਈਡੈਂਟ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਮਹੇਸ਼ ਲੋਟਾ ਨੇ ਕਿਹਾ ਕਿ ਇਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ ਅਤੇ ਇਹ ਆਮ ਆਦਮੀ ਪਾਰਟੀ ਦੀ ਨਿੰਦਣਯੋਗ ਸਿਆਸੀ ਖੇਡ ਹੈ ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ। ਉਹਨਾਂ ਟਿੱਪਣੀ ਕੀਤੀ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਦਮਸ੍ਰੀ ਰਜਿੰਦਰ ਗੁਪਤਾ ਦੀਆਂ ਸਿਫ਼ਤਾਂ ਦੇ ਪੁਲ ਬੰਨੇ, ਪ੍ਰੰਤੂ ਹੁਣ ਜਦੋਂ ਰਾਜਿੰਦਰ ਗੁਪਤਾ ਨੇ ਆਪਣੀ ਆਜ਼ਾਦਾਨਾ ਸੋਚ ਨਾਲ ਆਪਣਾ ਸਿਆਸੀ ਫੈਸਲਾ ਲਿਆ ਤਾਂ ਸੱਤਾਧਾਰੀਆਂ ਨੂੰ ਪ੍ਰਦੂਸ਼ਣ ਯਾਦ ਆ ਗਿਆ। ਮਹੇਸ਼ ਲੋਟਾ ਨੇ ਕਿਹਾ ਕਿ ਇਹ ਉਹੀ ਉਦਯੋਗਿਕ ਅਦਾਰਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਬਰਨਾਲਾ ਦੇ ਚੋਟੀ ਦੇ ਸੱਤਾਧਾਰੀ ਆਗੂ ‘ਆਓ ਭਗਤ’ ਦੇ ਨਜ਼ਾਰੇ ਮਾਣਦੇ ਰਹੇ ਹਨ ਪ੍ਰੰਤੂ ਹੁਣ ਉਹਨਾਂ ਨੂੰ ਪ੍ਰਦੂਸ਼ਣ ਦਾ ਮੁਸ਼ਕ ਆਉਣ ਲੱਗ ਪਿਆ।
ਜਿਹੜਾ ਇਹਨਾਂ ਦੀ ਬੁੱਕਲ ‘ਚ ਬੈਠਾ ਉਹੀ ਦੁੱਧ ਧੋਤਾ-ਗੁਰਦੀਪ ਸਿੰਘ ਬਾਠ
ਟਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ‘ਤੇ ਤਿੱਖੀ ਟਿੱਪਣੀ ਕਰਦੇ ਹੋਏ ਬਰਨਾਲਾ ਦੇ ਤੇਜ਼ ਤਰਾਰ ਆਗੂ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਨੇ ਗਦਾਰੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਜਿਹੜਾ ਇਹਨਾਂ ਦੀ ਬੁੱਕਲ ਵਿੱਚ ਬੈਠਾ ਉਹ ਭਾਵੇਂ ਸਿਰੇ ਦਾ ਗੰਦਾ ਹੋਵੇ ਪਰੰਤੂ ਉਹ ਇਹਨਾਂ ਲਈ ਦੁੱਧ ਧੋਤਾ ਹੋ ਜਾਂਦਾ ਤੇ ਜੇਕਰ ਕੋਈ ਆਪਣੀ ਆਜ਼ਾਦ ਮਰਜ਼ੀ ਨਾਲ ਆਪਣਾ ਫੈਸਲਾ ਲੈ ਲਵੇ ਤਾਂ ਇਹ ਸਿਰੇ ਦੇ ਨਿੰਦਣਯੋਗ ‘ਵਿਸ਼ੇਸ਼ਣ’ ਜੋੜ ਦਿੰਦੇ ਹਨ। ਬਾਠ ਨੇ ਕਿਹਾ ਕਿ ਟਰਾਈਡੈਂਟ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਸਮਾਂ ਉਚਿਤ ਨਹੀਂ ਹੈ ਅਤੇ ਪਦਮਸ਼੍ਰੀ ਜੇਤੂ ਵਿਅਕਤੀ ਨੂੰ ਗਦਾਰ ਦੀ ਪਦਵੀ ਦੇਣਾ ਵੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਆਪ’ ਨੂੰ ਆਪਣੀ ਸਿਆਸੀ ਜਮੀਨ ਖੁਰਦੀ ਨਜ਼ਰ ਆ ਰਹੀ ਹੈ-ਯਾਦਵਿੰਦਰ ਸ਼ੰਟੀ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਪ੍ਰਦੂਸ਼ਣ ਬੋਰਡ ਦੀ ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਦਰਅਸਲ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀਆਂ ਨੀਤੀਆਂ ਦੇ ਖ਼ਿਲਾਫ਼ ਹੁਣ ਲੋਕ ਖੁੱਲ ਕੇ ਬੋਲਣ ਲੱਗ ਪਏ ਹਨ, ਜਿਸ ਕਰਕੇ ‘ਆਪ’ ਨੂੰ ਆਪਣੀ ਸਿਆਸੀ ਜ਼ਮੀਨ ਖੁਰਦੀ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਰਾਜਿੰਦਰ ਗੁਪਤਾ ਬਰਨਾਲੇ ਦੀ ਹੀ ਨਹੀਂ ਸਗੋਂ ਵਿਸ਼ਵ ਦੀ ਸਨਮਾਨਿਤ ਹਸਤੀ ਹਨ। ‌ਸੰਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਾ ਵੀ ਰਾਜਿੰਦਰ ਗੁਪਤਾ ਦਾ ਆਪਣਾ ਫੈਸਲਾ ਸੀ ਅਤੇ ਹੁਣ ਭਾਜਪਾ ਵਿੱਚ ਸ਼ਾਮਿਲ ਹੋਣਾ ਵੀ ਉਹਨਾਂ ਦਾ ਆਪਣਾ ਹੀ ਫੈਸਲਾ ਹੈ। ‌ ਉਹਨਾਂ ਕਿਹਾ ਕਿ ਇਸ ਤੋਂ ਸੌੜੀ ਮਾਨਸਿਕਤਾ ਹੋਰ ਕੀ ਹੋ ਸਕਦੀ ਹੈ ਕਿ ਜਦੋਂ ਸ੍ਰੀ ਗੁਪਤਾ ਨੇ ਆਪ ਜੁਆਇਨ ਕੀਤੀ ਤਾਂ ਗ਼ੁਲਾਬ ਦੇ ਗੁਲਦਸਤੇ ਦਿੱਤੇ ਗਏ ਪਰੰਤੂ ਹੁਣ ਜਦੋਂ ਉਹਨਾਂ ਨੇ ਨਵਾਂ ਸਿਆਸੀ ਫੈਸਲਾ ਲਿਆ ਤਾਂ ਬਦਲਾਖ਼ੋਰੀ ਕਾਰਵਾਈ ਕੀਤੀ ਜਾ ਰਹੀ ਹੈ। ਯਾਦਵਿੰਦਰ ਸੰਟੀ ਨੇ ਮਜਾਹੀਆ ਟਿੱਪਣੀ ਕਰਦੇ ਹੋਏ ਕਿਹਾ ਕਿ ਦਰਅਸਲ ਰਾਜਿੰਦਰ ਗੁਪਤਾ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ “ਚਾਹ ਨਾਲ ਆਂਡਾ” ਪਸੰਦ ਨਹੀਂ ਆਇਆ।
ਸਿਆਸੀ ਹਿੱਤਾਂ ਤੋਂ ਪ੍ਰੇਰਿਤ ਬਦਲਾਖ਼ੋਰੀ ਦੀ ਕਾਰਵਾਈ-ਯਾਦਵਿੰਦਰ ਬਿੱਟੂ ਦੀਵਾਨਾ
ਟਰਾਈਡੈਂਟ ਦੀ ਧੌਲਾ ਫੈਕਟਰੀ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰੇਡ ਸਬੰਧੀ ਟਿੱਪਣੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਇਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਸਰਕਾਰ ਦੀ ਬਦਲਾਖ਼ੋਰੀ ਕਾਰਵਾਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਰਾਜਿੰਦਰ ਗੁਪਤਾ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ‘ਆਪ’ ਦੀ ਦੋਗਲੀ ਰਾਜਨੀਤੀ ਹੈ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਆਪ ‘ਚ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨਿਤ ਕਰਕੇ ਵੱਡੇ ਵੱਡੇ ਅਹੁਦੇ ਦਿੱਤੇ ਜਾ ਰਹੇ ਹਨ ਪਰੰਤੂ ਜਦੋਂ ਕੋਈ ਇਹਨਾਂ ਨੂੰ ਛੱਡ ਜਾਵੇ ਤਾਂ ਫਿਰ ‘ਮਿਰਚਾਂ’ ਲੱਗਦੀਆਂ ਹਨ।
ਟਰਾਈਡੈਂਟ ਦੀ ਧੌਲਾ ਫੈਕਟਰੀ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰੇਡ ਸਬੰਧੀ ਜਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਦਾ ਪੱਖ ਜਾਣਨ ਲਈ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਕਿਹਾ “ਮੈਂ ਕਿਸੇ ਰੁਝੇਵੇ ‘ਚ ਹਾਂ, ਤੁਸੀਂ ਬਾਅਦ ਵਿੱਚ ਗੱਲ ਕਰ ਲਿਓ”…ਕਹਿ ਕੇ ਫੋਨ ਕੱਟ ਦਿੱਤਾ।
ਕੁੱਲ ਮਿਲਾ ਕੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਸਬੰਧੀ ਕੀਤੀ ਗਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰੇਡ ਸਬੰਧੀ ਜਿੱਥੇ ਵਾਤਾਵਰਨ ਪ੍ਰੇਮੀਆਂ ਤੇ ਆਮ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਉੱਥੇ ਰਾਜਨੀਤਿਕ ਪਲੇਟਫਾਰਮ ‘ਤੇ ਇਸ ਕਾਰਵਾਈ ਨੂੰ ਬਦਲਾਖ਼ੋਰੀ ਆਖਿਆ ਜਾ ਰਿਹਾ ਹੈ।

Gee98 Ads
error: Content is protected !!