ਚੰਡੀਗੜ੍ਹ,6 ਮਈ, Gee98 news service-
ਬੀਤੇ ਕੱਲ੍ਹ ਪੰਜਾਬ ‘ਚ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਹੋਏ ਦੋ ਬੰਬ ਧਮਾਕਿਆਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਨੇ ਵੱਡੀ ਚਰਚਾ ਛੇੜ ਦਿੱਤੀ ਹੈ। ਪੱਤਰਕਾਰਾਂ ਵੱਲੋਂ ਧਮਾਕਿਆਂ ਸਬੰਧੀ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਇਹਨਾਂ ਧਮਾਕਿਆਂ ਲਈ ਭਾਰਤੀ ਜਨਤਾ ਪਾਰਟੀ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦਾ ਸਟਾਈਲ ਹੈ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਉਹ ਬੰਬ ਧਮਾਕੇ ਕਰਵਾਉਂਦੀ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਬੰਬ ਧਮਾਕਿਆਂ ਵਰਗੀਆਂ ਗੰਭੀਰ ਘਟਨਾਵਾਂ ਨੂੰ ਸਿਆਸੀ ਪਲੇਟਫਾਰਮ ‘ਤੇ ਰੱਖ ਕੇ ਇੱਕ ਸਿਆਸੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਜਦਕਿ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਇਹਨਾਂ ਬੰਬ ਧਮਾਕਿਆਂ ਲਈ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਹੈਰਾਨੀਜਨਕ ਹੀ ਨਹੀਂ ਬਲਕਿ ਵਿਚਾਰਨਯੋਗ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਆਪਣੇ ਹੀ ਡੀਜੀਪੀ ਨਾਲ ਗੰਭੀਰ ਘਟਨਾਵਾਂ ਸੰਬੰਧੀ ਵੀ ਤਾਲਮੇਲ ਨਹੀਂ ਹੈ। ਦੂਜੇ ਪਾਸੇ ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਆਪਣੀ ਫਿਤਰਤ ਜਲਦਬਾਜ਼ੀ ਵਿੱਚ ਇੱਕ ਵੱਡਾ ਬਿਆਨ ਦੇ ਚੁੱਕੇ ਹਨ ਪਰੰਤੂ ਮੁੱਖ ਮੰਤਰੀ ਦਾ ਇਹ ਬਿਆਨ ਉਹਨਾਂ ਨੂੰ ਕਾਨੂੰਨੀ ਮੁਸ਼ਕਿਲਾਂ ਵਿੱਚ ਵੀ ਫਸਾ ਸਕਦਾ ਹੈ। ਜਿੱਥੇ ਇੱਕ ਪਾਸੇ ਸੂਬੇ ਦਾ ਡੀਜੀਪੀ ਇਹਨਾਂ ਧਮਾਕਿਆਂ ਲਈ ਪਾਕਿਸਤਾਨੀ ਏਜੰਸੀ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਉਸੇ ਦੂਜੇ ਪਾਸੇ ਮੁੱਖ ਮੰਤਰੀ ਪਾਕਿਸਤਾਨ ਏਜੰਸੀ ਨੂੰ ਬੇਕਸੂਰ ਸਾਬਤ ਕਰ ਰਹੇ ਹਨ ਅਤੇ ਬਿਨਾਂ ਕਿਸੇ ਜਾਂਚ ਤੋਂ ਇਹਨਾਂ ਧਮਾਕਿਆਂ ਲਈ ਸਿਆਸੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।










