ਚੰਡੀਗੜ੍ਹ ,8 ਮਈ, Gee98 news service-
-ਪੰਜਾਬ ‘ਚ ਮੋਹਾਲੀ ਅਤੇ ਖਰੜ ਵਿਖੇ ਕੁਝ ਥਾਵਾਂ ‘ਤੇ ED ਦੀ ਛਾਪੇਮਾਰੀ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਵਿੱਚ ਤਰਥੱਲੀ ਮਚਾ ਦਿੱਤੀ ਹੈ। ਇੱਕ ਉੱਚੀ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ 500-500 ਸੌ ਦੇ ਨੋਟਾਂ ਦੀਆਂ ਗੁੱਟੀਆਂ ਨਾਲ ਭਰੇ ਬੈਗ ਧਰਤੀ ‘ਤੇ ਡਿੱਗਣ ਅਤੇ 500-500 ਸੌ ਦੇ ਨੋਟ ਹਵਾ ਵਿੱਚ ਉੱਡਣ ਦੇ ਵੀਡੀਓ ਕਲਿੱਪਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੇ ਵੀਡੀਓ ਕਲਿੱਪਾਂ ਨੂੰ ਧੁੰਦਲਾ ਕਰ ਦਿੱਤਾ ਹੈ। ED ਨੇ ਆਪਣੇ ਅਧਿਕਾਰਤ ਪ੍ਰੈਸ ਨੋਟ ਵਿੱਚ ਸਿੱਧੇ ਤੌਰ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਦਾ ਨਾਮ ਵੀ ਈਡੀ ਦੀ ਸੂਚੀ ਵਿੱਚ ਹੈ। ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਅਤੇ ਆਪਦੇ ਸੂਬਾ ਪ੍ਰਧਾਨ ਇਸ ਮਾਮਲੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਸੰਬੰਧ ਨਾ ਹੋਣ ਦੀਆਂ ਦੁਹਾਈਆਂ ਦੇ ਰਹੇ ਹਨ। ਇਹ ਵੀ ਧਿਆਨਦੇਣ ਯੋਗ ਹੈ ਕਿ ਈਡੀ ਨੇ ਛਾਪਾਮਾਰੀ ਲਈ ਉਹੀ ਸਮਾਂ ਚੁਣਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਬੇਅਦਬੀ ਦੇ ਕਾਨੂੰਨ ਸਬੰਧੀ ਸ਼ੁਕਰਾਨਾ ਯਾਤਰਾ ਲੈ ਕੇ ਪੰਜਾਬ ਦੀਆਂ ਸੜਕਾਂ ‘ਤੇ ਨਿਕਲੇ ਹੋਏ ਹਨ ਅਤੇ ਇਸ ਸ਼ੁਕਰਾਨਾ ਯਾਤਰਾ ਦੇ ਵੱਖ-ਵੱਖ ਪੜਾਵਾਂ ‘ਤੇ ਮੁੱਖ ਮੰਤਰੀ ਵੱਲੋਂ ਆਪਣੀਆਂ ਵਿਰੋਧੀ ਸਿਆਸੀ ਧਿਰਾਂ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ,ਅਜਿਹੀ ਸਮੇਂ ਵਿੱਚ ਆਪਣੇ ਓਐਸਡੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸਬੰਧੀ ਈਡੀ ਦੇ ਦਾਅਵੇ ਕਾਰਨ ਖ਼ੁਦ ਮੁੱਖ ਮੰਤਰੀ ਅਤੇ ਉਹਨਾਂ ਦੀ ਪਾਰਟੀ ਸਵਾਲਾਂ ਦੇ ਘੇਰੇ ਵਿੱਚ ਫਸ ਗਈ ਹੈ।
ਆਪ ਆਗੂਆਂ ਵੱਲੋਂ ਭਾਵੇਂ ਕਿ ਨੋਟਾਂ ਦੀਆਂ ਗੋਟੀਆਂ ਹਵਾ ਵਿੱਚ ਉੱਡਣ ਦੇ ਮਸਲੇ ਨਾਲ ਪਾਰਟੀ ਅਤੇ ਆਪਣਾ ਸਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਸੋਸਲ ਮੀਡੀਆ ‘ਤੇ ਕਥਿਤ ਮੁਲਜ਼ਮਾਂ ਦੀਆਂ ਵੱਡੇ ਆਪ ਆਗੂਆਂ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਸਾਰੀ ਕਹਾਣੀ ਬਿਆਨ ਕਰਦੀਆਂ ਹਨ ਅਤੇ “ਫੱਤੋ ਦੇ ਯਾਰਾਂ” ਦੀ ਸੂਚੀ ਸਪੱਸ਼ਟ ਸਾਹਮਣੇ ਆ ਰਹੀ ਹੈ। ਈਡੀ ਦੇ ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਅਜੇ ਹੋਰ ਪਰਦੇ ਉੱਠਣਗੇ ਜਿਸ ਤੋਂ ਬਾਅਦ ਅਜਿਹੇ ਵੱਡੇ ਖੁਲਾਸੇ ਸਾਹਮਣੇ ਆਉਣਗੇ ਜੋ ਪੰਜਾਬ ਦੀ ਸੱਤਾਧਾਰੀ ਪਾਰਟੀ ਲਈ ਸਿਆਸੀ ਅਤੇ ਕਾਨੂੰਨੀ ਤੌਰ ‘ਤੇ ਖ਼ਤਰਨਾਕ ਸਿੱਧ ਹੋ ਸਕਦੇ ਹਨ। ਈਡੀ ਦਾ ਦਾਅਵਾ ਹੈ ਕਿ ਉਸ ਕੋਲ ਮੋਹਾਲੀ ਅਤੇ ਖਰੜ ਤੋਂ ਇਲਾਵਾ ਚੰਡੀਗੜ੍ਹ ਵਿੱਚ ਹੋਏ ਕੁਝ ਵੱਡੇ ਜ਼ਮੀਨੀ ਸੌਦਿਆਂ ਸਬੰਧੀ ਪੁਖ਼ਤਾ ਸਬੂਤ ਹਨ ਅਤੇ ਇਹਨਾਂ ਸੌਦਿਆਂ ਨਾਲ ਕੁਝ ਅਜਿਹੇ ਲੋਕ ਜੁੜੇ ਹੋਏ ਹਨ ਜਿਹੜੇ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨਾਲ ਨਿੱਜੀ ਤੌਰ ‘ਤੇ ਜੁੜੇ ਹੋਏ ਹਨ। ਬਹਰਹਾਲ ! ਇਸ ਮਾਮਲੇ ਦਾ ਭਵਿੱਖ ‘ਚ ਸੱਤਾਧਾਰੀ ਪਾਰਟੀ ‘ਤੇ ਕਿੰਨਾ ਕੁ ਅਸਰ ਹੋਵੇਗਾ ਇਹ ਸਮੇਂ ਦੀ ਬੁੱਕਲ ਵਿੱਚ ਹੈ ਪ੍ਰੰਤੂ ਇਹ ਸਪੱਸ਼ਟ ਹੈ ਕਿ ਇਸ ਮਾਮਲੇ ਨੇ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੀ ਚਮਕ ਜ਼ਰੂਰ ਫਿੱਕੀ ਕੀਤੀ ਹੈ,ਇਹ ਵੀ ਵੇਖਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਦੇ ਹਰੇਕ ਪੜਾਅ ‘ਤੇ ਇਸ ਮੁੱਦੇ ‘ਤੇ ਸਪੱਸ਼ਟੀਕਰਨ ਦੇ ਰਹੇ ਹਨ,ਜਿਸ ਤੋਂ ਮਾਮਲਾ ਸਪੱਸ਼ਟ ਹੋ ਰਿਹਾ ਹੈ।










