Gee 98News

ਬਰਨਾਲਾ ਦੇ ਰਜਵਾੜੇ ਢਾਬੇ ‘ਤੇ ਖਿੜਿਆ ਕਮਲ ਦਾ ਫੁੱਲ…ਬੜਿੰਗ ਨੇ ਕੀਤੀ ਭਾਜਪਾ ‘ਚ ਸ਼ਮੂਲੀਅਤ

ਬਰਨਾਲਾ ,11 ਮਈ (ਨਿਰਮਲ ਸਿੰਘ ਪੰਡੋਰੀ)-

-ਭਾਰਤੀ ਜਨਤਾ ਪਾਰਟੀ ਨੇ ਬਰਨਾਲਾ ‘ਚ ਟ੍ਰਾਈਡੈਂਟ ਦੇ ਮਾਲਕ ਅਤੇ ਮੈਂਬਰ ਪਾਰਲੀਮੈਂਟ ਰਾਜਿੰਦਰ ਗੁਪਤਾ ਤੋਂ ਬਾਅਦ ਅੱਜ ਇੱਕ ਹੋਰ ਵੱਡਾ ਧਮਾਕਾ ਕੀਤਾ ਹੈ। ਭਾਜਪਾ ਨੇ ਬਰਨਾਲਾ ਦੇ ਇੱਕ ਨਾਮਵਰ ਢਾਬੇ ‘ਤੇ ‘ਕਮਲ ਦਾ ਫੁੱਲ’ ਖਿੜਾ ਦਿੱਤਾ ਹੈ। ਖ਼ਬਰਾਂ ਅਨੁਸਾਰ ਬਰਨਾਲਾ ਦੇ ਪ੍ਰਸਿੱਧ ਰਜਵਾੜਾ ਢਾਬੇ ਦਾ ਮਾਲਕ ਬਲਜਿੰਦਰ ਸਿੰਘ ਬੜਿੰਗ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਹੈ। ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਜਪਾ ਦੇ ਵੱਡੇ ਆਗੂਆਂ ਨੇ ਬਲਜਿੰਦਰ ਸਿੰਘ ਬੜਿੰਗ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ। ਰਜਵਾੜਾ ਢਾਬੇ ਵਾਲੇ ਬੜਿੰਗ ਦੀ ਭਾਜਪਾ ਵਿੱਚ ਸ਼ਮੂਲੀਅਤ ਬਰਨਾਲਾ ‘ਚ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਬਲਜਿੰਦਰ ਸਿੰਘ ਬੜਿੰਗ, ਮੀਤ ਹੇਅਰ ਦੀ ਉਸ ਖਾਸ ਟੀਮ ਦਾ ਹਿੱਸਾ ਸੀ ਜਿਸ ਨੇ 2017 ਤੇ 2022 ‘ਚ ਮੀਤ ਹੇਅਰ ਵੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਬੜਿੰਗ ਦੀ ਭਾਜਪਾ ਵਿੱਚ ਸ਼ਮੂਲੀਅਤ ਨਾਲ ਬਰਨਾਲੇ ‘ਚ ਭਾਜਪਾ ਨੂੰ ਜ਼ਿਕਰਯੋਗ ਹੁਲਾਰਾ ਮਿਲੇਗਾ। ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਤੋਂ ਬਾਅਦ ਰਜਵਾੜਾ ਢਾਬੇ ਦੇ ਮਾਲਕ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬਰਨਾਲਾ ਦੇ ਭਾਜਪਾ ਆਗੂਆਂ ਦੇ ਪੱਬ ਧਰਤੀ ‘ਤੇ ਨਹੀਂ ਲੱਗ ਰਹੇ, ਦੂਜੇ ਪਾਸੇ ਬੜਿੰਗ ਦੀ ਭਾਜਪਾ ਵਿੱਚ ਸ਼ਮੂਲੀਅਤ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਨਮੋਸ਼ੀ ਦਾ ਕਾਰਨ ਵੀ ਬਣੀ ਹੈ ਕਿ ਆਖ਼ਰ ਅਜਿਹੇ ਕਿਹੜੇ ਕਾਰਨ ਹਨ ਕਿ ਬਰਨਾਲਾ ‘ਚ ‘ਆਪ’ ਦੇ ਪਰਪੱਕਤਾ ਵਾਲੇ ਆਗੂ ‘ਆਪ’ ਨੂੰ ਛੱਡ ਕੇ ਜਾ ਰਹੇ ਹਨ। ਨਗਰ ਨਿਗਮ ਬਰਨਾਲਾ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਐਲਾਨ ਵਾਲੇ ਦਿਨ ਆਪ ਨੂੰ ਇਹ ਵੱਡਾ ਝਟਕਾ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ‘ਚ ਵੀ ਰੰਗ ਦਿਖਾਵੇਗਾ। ਸੂਤਰਾਂ ਅਨੁਸਾਰ ਭਾਜਪਾ ਦੇ ਸਥਾਨਕ ਆਗੂਆਂ ਕੋਲ ਅਜੇ ਕੁਝ ਹੋਰ ‘ਆਪ’ ਆਗੂਆਂ ਦੇ ਨਾਮ ਵੀ ਹਨ ਜਿਹੜੇ ਆਉਣ ਵਾਲੇ ਸਮੇਂ ‘ਚ ਝਾੜੂ ਛੱਡ ਕੇ ਕਮਲ ਦਾ ਫੁੱਲ ਖਿੜਾ ਸਕਦੇ ਹਨ। ਸਥਾਨਿਕ ਆਪ ਆਗੂ ਭਾਵੇਂ ਅੱਜ ਦੀ ਇਸ ਘਟਨਾ ਨੂੰ ਦਲਬਦਲੀ ਜਾਂ ਫਿਰ ਆਪਣੀ ਫ਼ਿਤਰਤ ਅਨੁਸਾਰ ਕੋਈ ਵੀ ਨਾਮ ਦੇ ਸਕਦੇ ਹਨ ਪਰੰਤੂ ਇਹ ਸੱਚ ਹੈ ਕਿ ‘ਆਪ’ ਆਗੂਆਂ ਲਈ ਇਹ ਸੋਚਣ ਅਤੇ ਆਪਣੀ ਪੀੜੀ ਥੱਲੇ ਸੋਟਾ ਫੇਰਨ ਦਾ ਸਮਾਂ ਹੈ ਕਿ ਕੱਲ੍ਹ ਤੱਕ ਜਿਹੜੇ “ਪਿਆਰ ਦੀ ਨਿਸ਼ਾਨੀ ਵਾਂਗ ਗਲ ਦੀ ਗਾਨੀ ਦੇ ਮਣਕੇ ਸੀ”… ਉਹ ਕਿਉਂ ਕਿਰ ਰਹੇ ਹਨ ?
ਫੋਟੋ ਕੈਪਸ਼ਨ-ਰਜਵਾੜਾ ਢਾਬੇ ਦੇ ਮਾਲਕ ਬੜਿੰਗ ਦੀ ਭਾਜਪਾ ਵਿੱਚ ਸ਼ਮੂਲੀਅਤ ਸਮੇਂ ਦੀਆਂ ਤਸਵੀਰਾਂ

Gee98 Ads
error: Content is protected !!