ਚੰਡੀਗੜ੍ਹ,11 ਮਈ, Gee98 news service-
ਪੰਜਾਬ ‘ਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਅੱਜ ਬਿਗਲ ਵੱਜ ਜਾਵੇਗਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ 3.30 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ ਜਿਸ ਵਿੱਚ ਚੋਣ ਪ੍ਰਕਿਰਿਆ ਦੇ ਸਾਰੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ 9 ਨਗਰ ਨਿਗਮਾਂ ਅਤੇ 102 ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਲੱਗਭੱਗ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਹਨ। ਸਰਕਾਰ ਵੱਲੋਂ ਵਾਰਡਬੰਦੀ ਸਬੰਧੀ ਭਾਵੇਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਪਰੰਤੂ ਵਿਰੋਧੀ ਪਾਰਟੀਆਂ ਵੱਲੋਂ ਵਾਰਡਬੰਦੀ ‘ਤੇ ਕੀਤੇ ਗਏ ਇਤਰਾਜ਼ ਅਜੇ ਵਿੱਚੇ ਹੀ ਲਟਕੇ ਹੋਏ ਹਨ ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਅੱਜ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਨਗਰ ਨਿਗਮ ਅਤੇ ਨਗਰ ਕੌਂਸਲਾਂ ਚੋਣਾਂ ਨਾਲ ਜੁੜਿਆ ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਪੰਜਾਬ ‘ਚ ਪਹਿਲੀ ਵਾਰ ਵਿਭਾਗ ਦੇ ਮੰਤਰੀ ਤੋਂ ਬਿਨਾਂ ਚੋਣਾਂ ਹੋਣ ਜਾ ਰਹੀਆਂ ਹਨ, ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨੂੰ ਈਡੀ ਨੇ ਆਪਣੀ ਹਿਰਾਸਤ ਵਿੱਚ ਲਿਆ ਸੀ ਅਤੇ ਮੰਤਰੀ ਅਜੇ ਤੱਕ ਵੀ ਈਡੀ ਦੀ ਹਿਰਾਸਤ ਵਿੱਚ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਸੇ ਹੋਰ ਮੰਤਰੀ ਜਾਂ ਅਧਿਕਾਰੀ ਨੂੰ ਵਿਭਾਗ ਦਾ ਚਾਰਜ ਨਹੀਂ ਸੌਂਪਿਆ ਜਦਕਿ ਚੋਣਾਂ ਦਾ ਐਲਾਨ ਅੱਜ ਮੁੱਖ ਚੋਣ ਅਧਿਕਾਰੀ ਵੱਲੋਂ ਕਰ ਦਿੱਤਾ ਜਾਵੇਗਾ। ਹੁਣ ਵੇਖਣਯੋਗ ਹੋਵੇਗਾ ਕਿ ਸਰਕਾਰ ਕਿਸ ਮੰਤਰੀ ਨੂੰ ਵਿਭਾਗ ਦਾ ਵਾਧੂ ਚਾਰਜ ਸੌਂਪੇਗੀ। ਸੂਬੇ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋ ਰਹੀਆਂ ਹਨ ਇਸ ਲਈ ਇਹਨਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰ ਇਹਨਾਂ ਚੋਣਾਂ ਨੂੰ ਸੈਮੀਫਾਈਨਲ ਮੰਨੇ ਜਾਣ ਦੇ ਉਲਟ ਆਪਣੀ ਰਾਏ ਰੱਖਦੇ ਹਨ ਕਿਉਂਕਿ ਇਹਨਾਂ ਚੋਣਾਂ ਵਿੱਚ ਕੌਂਸਲਰ ਉਮੀਦਵਾਰ ਆਪਣੀ ਨੇੜਤਾ ਅਤੇ ਹਿੰਮਤ ਸਦਕਾ ਸ਼ਹਿਰੀ ਵੋਟਰਾਂ ਦੀ ਵੋਟ ਪੋਲ ਕਰਵਾ ਲੈਂਦੇ ਹਨ ਜਦਕਿ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼ਹਿਰੀ ਵੋਟਰ ਵੋਟਾਂ ਪਾਉਣ ਲਈ ਘੱਟ ਬਾਹਰ ਨਿਕਲਦੇ ਹਨ ਅਤੇ ਵਿਧਾਨ ਸਭਾ ਦੀਆਂ ਵੋਟਾਂ ਮੌਕੇ ਕੌਂਸਲਰ ਵੀ ਐਨੀ ਖਿੱਚ ਨਹੀਂ ਕਰਦੇ ਜਿੰਨੀ ਨਗਰ ਨਿਗਮ, ਨਗਰ ਕੌਂਸਲਾਂ ਦੀਆਂ ਵੋਟਾਂ ਮੌਕੇ ਕਰਦੇ ਹਨ। ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਜਿੱਤਣ ਵਾਲੀ ਪਾਰਟੀ ਨੂੰ ਇੱਕ ਹਲਾਰਾ ਜ਼ਰੂਰ ਮਿਲੇਗਾ।









