ਚੰਡੀਗੜ੍ਹ, 27 ਮਈ, Gee98 news service-
ਆਪਣੀ 22 ਸਾਲ ਦੀ ਧੀ ਸਵੇਰ ਤੋਂ ਘਰੋਂ ਗਈ ਜਦ ਸ਼ਾਮ ਤੱਕ ਵਾਪਸ ਨਾ ਆਈ ਤਾਂ ਲਾਚਾਰ ਪਿਤਾ ਨੇ ਥਾਣੇ ਰਿਪੋਰਟ ਦਰਜ ਕਰਵਾਈ ਪ੍ਰੰਤੂ ਅੱਗੇ ਥਾਣੇ ਬੈਠੇ ਇੱਕ ਕੁਰੱਪਟ ਥਾਣੇਦਾਰ ਨੇ ਇੱਕ ਬੇਵੱਸ ਬਾਪ ਦੀ ਗੁੰਮ ਹੋਈ ਧੀ ਨੂੰ ਲੱਭਣ ਦੇ ਮਾਮਲੇ ਸਬੰਧੀ ਵੀ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਲਈ ਅਤੇ ਬਾਪ ਵੱਲੋਂ ਦਰਜ ਕਰਵਾਈ ਰਿਪੋਰਟ ‘ਤੇ ਤੁਰੰਤ ਕਾਰਵਾਈ ਕਰਨ ਬਦਲੇ 6000 ਮੌਕੇ ‘ਤੇ ਰਿਸ਼ਵਤ ਦੇ ਵਸੂਲ ਵੀ ਕਰ ਲਏ। ਇਹ ਮਾਮਲਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਅੱਠ ਨਾਲ ਸੰਬੰਧਿਤ ਹੈ ਜਿੱਥੇ ਏਐਸਆਈ ਹਰਦੀਪ ਸਿੰਘ ਨੂੰ ਵਿਜੀਲੈਂਸ ਨੇ 14000 ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਏਐਸਆਈ ਹਰਦੀਪ ਸਿੰਘ ਨੂੰ ਗੋਪਾਲ ਨਗਰ, ਹੈਬੋਵਾਲ ਕਲਾਂ ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਅਨੁਸਾਰ ਉਸਦੀ ਧੀ, ਜਿਸਦੀ ਉਮਰ ਤਕਰੀਬਨ 22 ਸਾਲ ਹੈ, ਨੇ ਸਰਕਾਰੀ ਆਈਟੀਆਈ ਲੁਧਿਆਣਾ ਤੋਂ ਟੇਲਰਿੰਗ ਦਾ ਕੋਰਸ ਪਾਸ ਕੀਤਾ ਸੀ। ਉਹ ਆਪਣਾ ਰਿਜ਼ਲਟ ਲੈਣ ਲਈ ਸਰਕਾਰੀ ਆਈਟੀਆਈ ਘੁਮਾਰ ਮੰਡੀ ਗਈ ਸੀ, ਪਰ ਉਹ ਸ਼ਾਮ ਤੱਕ ਘਰ ਨਹੀਂ ਪਰਤੀ। ਸ਼ਿਕਾਇਤਕਰਤਾ ਨੇ ਆਪਣੇ ਪੱਧਰ ‘ਤੇ ਉਸਦੀ ਭਾਲ ਕੀਤੀ, ਪਰ ਉਸਦੀ ਧੀ ਨਹੀਂ ਮਿਲੀ, ਜਿਸ ਦੇ ਚਲਦਿਆਂ ਸ਼ਿਕਾਇਤਕਰਤਾ ਨੇ ਆਪਣੀ ਧੀ ਦੇ ਗੁੰਮ ਹੋਣ ਸਬੰਧੀ ਪੁਲਿਸ ਥਾਣਾ ਡਿਵੀਜ਼ਨ ਨੰਬਰ-8 ਲੁਧਿਆਣਾ ਵਿਖੇ ਡਿਊਟੀ ਅਫ਼ਸਰ ਏ.ਐਸ.ਆਈ. ਹਰਦੀਪ ਸਿੰਘ ਕੋਲ ਰਿਪੋਰਟ ਦਰਜ ਕਰਵਾਈ। ਮੁਲਜ਼ਮ ਏਐਸਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਥਾਣੇ ਬੁਲਾਇਆ ਅਤੇ ਉਸਦੀ ਦਰਖ਼ਾਸਤ ‘ਤੇ ਕਾਰਵਾਈ ਕਰਨ ਲਈ 20,000 ਰੁਪਏ ਰਿਸ਼ਵਤ ਮੰਗੀ ਅਤੇ ਮੌਕੇ ‘ਤੇ ਹੀ ਉਸਤੋਂ 6000 ਰੁਪਏ ਵੀ ਲੈ ਲਏ। ਬੁਲਾਰੇ ਨੇ ਅੱਗੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ, ਪੁਲਿਸ ਥਾਣਾ ਡਿਵੀਜ਼ਨ ਨੰਬਰ-08, ਲੁਧਿਆਣਾ ਵਿਖੇ ਐਫਆਈਆਰ ਦਰਜ ਕੀਤੀ ਗਈ। ਮੁਲਜ਼ਮ ਏਐਸਆਈ ਹਰਦੀਪ ਸਿੰਘ ਨੇ ਸ਼ਿਕਾਇਤਕਰਤਾ ਐਫਆਈਆਰ ਦੀ ਕਾਪੀ ਦੇਣ ਅਤੇ ਇਸ ‘ਤੇ ਅਗਲੀ ਕਾਰਵਾਈ ਕਰਨ ਲਈ ਸ਼ਿਕਾਇਤਕਰਤਾ ਤੋਂ ਬਾਕੀ ਰਹਿੰਦੇ 14,000 ਦੇਣ ਲਈ ਕਿਹਾ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੇ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।










