Skip to main content

Gee 98News

ਬਰਨਾਲਾ ਦਾ ਥੱਪੜ ਕਾਂਡ…ਲੋਕਾਂ ਦੇ ਗਲ਼ੇ ਨਹੀਂ ਉਤਰ ਰਿਹਾ ‘ਆਪ’ ਆਗੂ ਦਾ ਸਪੱਸ਼ਟੀਕਰਨ

ਬਰਨਾਲਾ ,28 ਮਈ (ਨਿਰਮਲ ਸਿੰਘ ਪੰਡੋਰੀ)-

-ਨਗਰ ਨਿਗਮ ਚੋਣਾਂ ਦੌਰਾਨ ਬਰਨਾਲਾ ਦੇ ਵਾਰਡ ਨੰਬਰ 33 ਦੇ ਪੋਲਿੰਗ ਬੂਥ ਉੱਪਰ ਆਪ ਆਗੂਆਂ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਕਾਰ ਹੋਈ ਹੱਥੋਂਪਾਈ ਦੌਰਾਨ ਥੱਪੜਾਂ ਦੀ ਵਰਖਾ ਕਰਨ ਵਾਲੇ ਆਪ ਆਗੂ ਧੀਰਜ ਕੁਮਾਰ ਦੱਧਾਹੂਰ ਨੇ ਆਪਣੇ ‘ਤੇ ਲੱਗ ਰਹੇ ਦੋਸ਼ਾਂ ਨੂੰ ਨਾਕਾਰਿਆ ਹੈ ਹਾਲਾਂਕਿ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਜਿਸ ਤਹਿਤ ਧੀਰਜ ਕੁਮਾਰ ਥੱਪੜ ਮਾਰਦੇ ਸਪੱਸ਼ਟ ਦਿਖਾਈ ਦੇ ਰਹੇ ਹਨ ਪਰੰਤੂ ਇਸ ਤੇ ਬਾਵਜੂਦ ਵੀ ਉਹਨਾਂ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸਨੇ ਕਿਸੇ ਦੇ ਥੱਪੜ ਨਹੀਂ ਮਾਰਿਆ। ਦਰਅਸਲ ਚੋਣਾਂ ਵਾਲੇ ਦਿਨ ਤੋਂ ਹੀ ਸੋਸ਼ਲ ਮੀਡੀਆ ‘ਤੇ ਆਪ ਆਗੂ ਧੀਰਜ ਕੁਮਾਰ ਟਰੋਲ ਹੋ ਰਹੇ ਹਨ ਕਿ ਉਹਨਾਂ ਨੇ ਹੱਥੋਪਾਈ ਦੌਰਾਨ ਇੱਕ ਮਹਿਲਾ ਦੇ ਥੱਪੜ ਮਾਰਿਆ ਭਾਵੇਂ ਕਿ ਵੀਡੀਓ ਵਿੱਚ ਧੀਰਜ ਕੁਮਾਰ ਮਹਿਲਾ ਦੇ ਥੱਪੜ ਮਾਰਦੇ ਦਿਖਾਈ ਨਹੀਂ ਦੇ ਰਹੇ ਪ੍ਰੰਤੂ ਚਰਚਾ ਇਹੋ ਹੋ ਰਹੀ ਹੈ ਕਿ ਆਪ ਆਗੂ ਨੇ ਮਹਿਲਾ ਦੇ ਵੀ ਥੱਪੜ ਮਾਰਿਆ ਜਦ ਕਿ ਆਪ ਆਗੂ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਮਹਿਲਾ ਉੱਪਰ ਹੱਥ ਨਹੀਂ ਚੁੱਕਿਆ। ਆਪ ਆਗੂ ਦੇ ਸਪੱਸ਼ਟੀਕਰਨ ਤੋਂ ਬਾਅਦ ਸ਼ਹਿਰ ਅੰਦਰ ਇੱਕ ਨਵੀਂ ਚਰਚਾ ਸ਼ੁਰੂ ਹੋਈ ਹੈ ਕਿ ਵੀਡੀਓ ‘ਚ ਸਪੱਸ਼ਟ ਨਜ਼ਰ ਆਉਣ ਦੇ ਬਾਵਜੂਦ ਵੀ ਆਪ ਆਗੂ ਥੱਪੜ ਮਾਰਨ ਤੋਂ ਕਿਉਂ ਮੁੱਕਰ ਰਹੇ ਹਨ ? ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਆਗੂ ਧੀਰਜ ਕੁਮਾਰ ਨੇ ਕਿਹਾ ਕਿ ਸਾਰੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਪਰਿਵਾਰਾਂ ਦਾ ਉਹ ਸਤਿਕਾਰ ਕਰਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਧੀਰਜ ਕੁਮਾਰ ਨੇ ਥੱਪੜ ਮਾਰਨ ਦੀ ਘਟਨਾ ਕਬੂਲ ਕਰਨ ਦੀ ਗੱਲ ਨਹੀਂ ਕੀਤੀ ਜਿਸ ਕਰਕੇ ਆਪ ਆਗੂ ਦੇ ਸਪੱਸ਼ਟੀਕਰਨ ਨੂੰ ਸ਼ਹਿਰ ਦੇ ਲੋਕ ਅਧੂਰਾ ਸਪੱਸ਼ਟੀਕਰਨ ਮੰਨ ਰਹੇ ਹਨ ਅਤੇ ਆਪ ਆਗੂ ਦਾ ਇਹ ਅਧੂਰਾ ਸਪੱਸ਼ਟੀਕਰਨ ਲੋਕਾਂ ਦੇ ਗਲੇ ਨਹੀਂ ਉੱਤਰ ਰਿਹਾ। ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਇਸ ਥੱਪੜ ਕਾਂਡ ਦਾ ਸੇਕ ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਉੱਚ ਆਗੂਆਂ ਨੂੰ ਵੀ ਲੱਗਿਆ ਹੈ, ਜੋ ਵੋਟਿੰਗ ਦੌਰਾਨ ਧੱਕੇਸ਼ਾਹੀ ਦੇ ਦੋਸ਼ਾਂ ਕਾਰਨ ਪਹਿਲਾਂ ਹੀ ਬੈਕਪੁੱਟ ‘ਤੇ ਹਨ। ਸ਼ਹਿਰ ਵਿੱਚ ਚਰਚਾ ਵੀ ਹੋ ਰਹੀ ਹੈ ਅਤੇ “ਮਹਾਜਨਾਂ” ਦੇ ਤੇਵਰਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਇਸ ਥੱਪੜ ਕਾਂਡ ਦੀ ਗੂੰਜ ਬਰਨਾਲਾ ‘ਚ ਵਿਧਾਨ ਸਭਾ ਚੋਣਾਂ ਤੱਕ ਪੈਂਦੀ ਰਹੇਗੀ।
ਫੋਟੋ ਕੈਪਸ਼ਨ-ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ‘ਆਪ’ ਆਗੂ ਧੀਰਜ ਕੁਮਾਰ

error: Content is protected !!