ਬਰਨਾਲਾ 2 ਦਸੰਬਰ (ਨਿਰਮਲ ਸਿੰਘ ਪੰਡੋਰੀ)- ਕ੍ਰਿਸਚੀਅਨ ਭਾਈਚਾਰੇ ਲਈ ਕਬਰਸਤਾਨ ਵਾਲੀ ਜਗਾ ’ਤੇ ਨਗਰ ਕੌਂਸਲ ਵੱਲੋਂ ਨਿਰਮਾਣ ਕਾਰਜ ਲਟਕਾਉਣ ਦੇ ਰੋਸ ਵਜੋਂ ਮੈਂਬਰ ਪੰਜਾਬ ਰਾਜ ਸਲਾਹਕਾਰ ਬੋਰਡ ਆਨ ਡਿਸਏਬਲਿਟੀ (ਮਾਹਿਰ ਮੈਂਬਰ) ਗੁਰਬਾਜ ਸਿੰਘ ਨੇ ਨੰਗੇ ਧੜ ਰੋਸ ਪ੍ਰਦਰਸਨ ਕੀਤਾ। ਕੜਾਕੇ ਦੀ ਠੰਢ ’ਚ ਗੁਰਬਾਜ ਸਿੰਘ ਨੇ ਆਪਣੇ ਕੱਪੜੇ ਉਤਾਰ ਕੇ ਨਗਰ ਕੌਂਸਲ ਦੇ ਦਫ਼ਤਰ ਵਿਖੇ ਕੌਂਸਲ ਮੁਲਾਜ਼ਮਾਂ ਖਿਲਾਫ਼ ਜਾਣਬੁੱਝ ਕੇ ਕਬਰਸਤਾਨ ਸਬੰਧੀ ਫਾਇਲਾਂ ਕਲੀਅਰ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਬਾਜ ਸਿੰਘ ਨੇ ਕਿਹਾ ਕਿ ਤਕਰੀਬਨ 3 ਸਾਲ ਪਹਿਲਾਂ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਤੱਤਕਾਲੀਨ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਦਫ਼ਨਾਉਣ ਲਈ ਮਿਉਂਸਪਲ ਕਮੇਟੀ ਦੀ ਜਗਾ ’ਚੋਂ ਇੱਕ ਏਕੜ ਜਗਾ ਕਬਰਸਤਾਨ ਬਣਾਉਣ ਲਈ ਦਿੱਤੀ ਸੀ। ਜਿੱਥੇ ਹਾਲੇ ਤੱਕ ਚਾਰਦੀਵਾਰੀ ਦੇ ਨਿਰਮਾਣ ਕਾਰਜ ’ਚ ਇੱਕ ਇੱਟ ਵੀ ਨਹੀ ਲਗਾਈ ਗਈ। ਜਿਸ ਦੇ ਰੋਸ ਵਜੋਂ ਉਸਨੂੰ ਅੱਜ ਕੜਾਕੇ ਦੀ ਠੰਢ ’ਚ ਨੰਗੇ ਧੜ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਉਨਾਂ ਦੱਸਿਆ ਕਿ ਤੱਤਕਾਲੀਨ ਸਿਹਤ ਮੰਤਰੀ ਸਿੱਧੂ ਨੇ ਉਸ ਸਮੇਂ ਮਿਉਂਸਪਲ ਕਮੇਟੀ 2 ਕਮਰੇ, ਪਖਾਨਾ ਤੇ ਸਬਮਰਸੀਬਲ ਮੋਟਰ ਲਗਾਉਣ ਲਈ ਆਖਿਆ ਸੀ ਪਰ ਅੱਜ ਤੱਕ ਨਗਰ ਕੌਂਸਲ ਵੱਲੋਂ ਸਬੰਧਿਤ ਜਗਾ ’ਤੇ ਕੰਮ ਸ਼ੁਰੂ ਨਹੀ ਕੀਤਾ ਗਿਆ ਅਤੇ ਕੰਮ ਸ਼ੁਰੂ ਕਰਵਾਉਣ ਲਈ ਨਗਰ ਕੌਂਸਲ ਦੇ ਦਫ਼ਤਰ ਗੇੜੇ ਮਾਰ -ਮਾਰ ਥੱਕ ਚੁੱਕਾ ਹੈ। ਇਸ ਲਈ ਉਸਨੇ ਪ੍ਰਦਰਸ਼ਨ ਕਰਨ ਦਾ ਇਹ ਤਰੀਕਾ ਅਪਣਾਇਆ ਹੈ। ਕੌਂਸਲ ਵਿਹੜੇ ਹੋ ਰਹੀ ਨਾਅਰੇਬਾਜ਼ੀ ਸੁਣਦਿਆਂ ਹੀ ਕੌਂਸਲ ਦਫ਼ਤਰ ਅੰਦਰ ਬੈਠੇ ਕੁੱਝ ਕੌਂਸਲਰ ਤੇ ਮੁਲਾਜ਼ਮ ਪ੍ਰਦਰਸ਼ਨਕਾਰੀ ਕੋਲ ਪੁੱਜੇ ਤੇ ਪੂਰੀ ਗੱਲ ਸੁਣਨ ਉਪਰੰਤ ਜਲਦ ਹੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਜਿਸ ਪਿੱਛੋਂ ਗੁਰਬਾਜ ਸਿੰਘ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਦੇ ਵਿਹੜੇ ਭੁੱਖ ਹੜਤਾਲ ’ਤੇ ਬੈਠੇਗਾ।