Gee 98News

– ਮਹਾਂ ਰੈਲੀ ਦੇ ਪ੍ਰਬੰਧਾਂ ਤੇ ਇਕੱਠ ਨੇ ਕਾਲਾ ਢਿੱਲੋਂ ਦਾ ਕੱਦ ਕੀਤਾ ਹੋਰ ਉੱਚਾ

ਬਰਨਾਲਾ 1 ਮਾਰਚ (ਨਿਰਮਲ ਸਿੰਘ ਪੰਡੋਰੀ)-

-ਕਾਂਗਰਸ ਪਾਰਟੀ ਦੇ ਬਰਨਾਲਾ ਰੈਲੀ ਵਿੱਚ ਪੁੱਜੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਚੋਣ ਕਮਾਂਡਰ ਰਾਹਲ ਗਾਂਧੀ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦਾ ਯਤਨ ਕੀਤਾ। ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ‘ਤੇ ਕੇਂਦਰਿਤ ਕੀਤਾ ਉਥੇ ਵਪਾਰੀਆਂ ਤੇ ਨੌਜਵਾਨਾਂ ਦੀ ਨਬਜ਼ ਫੜਨ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਦੀ ਪ੍ਰਭਾਵਸ਼ਾਲੀ ਵਿਆਖਿਆ ਤਹਿਤ ਮਾਲਵਾ ਖੇਤਰ ਦੀਆਂ 65 ਤੋਂ ਵਧੇਰੇ ਵਿਧਾਨ ਸਭਾ ਸੀਟਾਂ ਦੇ ਕਿਸਾਨਾਂ ਮਜ਼ਦੂਰਾਂ ਨੂੰ ਫੋਕਸ ਕੀਤਾ। ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਇਸ ਸਮਝੌਤੇ ਤੋਂ ਬਾਅਦ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ ਅਤੇ ਕਿਉਂਕਿ ਇਸ ਨਾਲ ਪੰਜਾਬ ਦਾ ਖੇਤੀ ਉਤਪਾਦਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰਕ ਸਮਝੌਤੇ ਅੱਗੇ ਪੰਜਾਬ ਦਾ ਕਿਸਾਨ ਟਿਕ ਨਹੀਂ ਸਕੇਗਾ। ਰਾਹੁਲ ਗਾਂਧੀ ਨੇ ਇਹ ਦੋਸ਼ ਵੀ ਲਗਾਇਆ ਕਿ ਵਪਾਰਕ ਸਮਝੌਤੇ ਤਹਿਤ ਮੋਦੀ ਸਰਕਾਰ ਨੇ 21ਵੀਂ ਸਦੀ ਦੀ ਸਭ ਤੋਂ ਵੱਡੀ ਪੂੰਜੀ ਭਾਵ ਇੰਟਰਨੈਟ ਡਾਟਾ ਅਮਰੀਕਾ ਨੂੰ ਸੌਂਪ ਦਿੱਤਾ ਹੈ, ਹੁਣ ਭਾਰਤੀ ਡਾਟਾ ‘ਤੇ ਅਮਰੀਕੀ ਕੰਪਨੀਆਂ ਦਾ ਕਬਜ਼ਾ ਹੋਵੇਗਾ। ਰਾਹੁਲ ਗਾਂਧੀ ਨੇ ਭਾਰਤੀ ਕਾਰੋਬਾਰੀ ਗੌਤਮ ਅਡਾਨੀ ‘ਤੇ ਹਮਲੇ ਕਰਦੇ ਹੋਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਅਮਰੀਕਾ ਨੇ ਗੌਤਮ ਅਡਾਨੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਸਿਕੰਜੇ ਵਿੱਚ ਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਐਪਸਟਾਈਨ ਫਾਈਲਾਂ ਅਤੇ ਗੌਤਮ ਅਡਾਨੀ ‘ਤੇ ਮੁਕੱਦਮਾ 2 ਅਜਿਹੇ ਵੱਡੇ ਕਾਰਨ ਹਨ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਅੱਗੇ ਗੋਡੇ ਟੇਕ ਗਿਆ ਅਤੇ ਉਸਨੇ ਭਾਰਤੀ ਹਿੱਤਾਂ ਨੂੰ ਭਾਰਤ ਅਮਰੀਕਾ ਵਪਾਰਕ ਸਮਝੌਤੇ ਤਹਿਤ ਅਮਰੀਕਾ ਕੋਲ ਵੇਚ ਦਿੱਤਾ ਹੈ। ਰਾਹੁਲ ਗਾਂਧੀ ਨੇ ਭਾਰਤ ਦੇ ਸਾਬਕਾ ਸੈਨਿਕ ਮੁਖੀ ਜਨਰਲ ਨਰਵਾਣੇ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ “ਮਜ਼ਬੂਰ ਪ੍ਰਧਾਨ ਮੰਤਰੀ” ਹਨ ਕਿਉਂਕਿ ਉਹ ਚੀਨ ਵੱਲੋਂ ਭਾਰਤੀ ਸੀਮਾ ਵਿੱਚ ਦਾਖਲੇ ਸਬੰਧੀ ਨਰਵਾਣੇ ਦੀ ਚੇਤਾਵਨੀ ਦੇ ਬਾਵਜੂਦ ਕੋਈ ਫੈਸਲਾ ਨਹੀਂ ਲੈ ਸਕੇ।‌ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਮੰਚ ‘ਤੇ ਬੈਠੇ ਸਾਰੇ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਇਹ ਸਖ਼ਤ ਚੇਤਾਵਨੀ ਵੀ ਦੇ ਦਿੱਤੀ ਕਿ ਪੰਜਾਬ ‘ਚ ਕਿਸੇ ਵੀ ਕਿਸਮ ਦੀ ਧੜੇਬੰਦੀ ਨੂੰ ਉਤਸ਼ਾਹਿਤ ਕਰਨ ਵਾਲੇ ਕਿਸੇ ਵੀ ਵੱਡੇ ਤੋਂ ਵੱਡੇ ਆਗੂ ਲਈ ਕਾਂਗਰਸ ਵਿੱਚ ਕੋਈ ਜਗ੍ਹਾ ਨਹੀਂ ਹੋਵੇਗੀ। ਪੰਜਾਬ ਦੇ ਚੋਟੀ ਦੇ ਆਗੂਆਂ ਨੂੰ ਰਾਹੁਲ ਗਾਂਧੀ ਦੀ ਇਹ ਤਾੜਨਾ ਪੰਜਾਬ ਦੇ ਰਾਜਨੀਤਿਕ ਮੁਹਾਜ਼ ‘ਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸ ਪਾਰਟੀ ਦੇ “ਆਮ ਵਰਕਰ” ਪੰਜਾਬ ਦੇ ਆਗੂਆਂ ਨੂੰ ਰਾਹੁਲ ਗਾਂਧੀ ਦੀ ਇਸ ਤਾੜਨਾ ਨੂੰ ਸਕਾਰਾਤਮਕ ਨਜ਼ਰੀਏ ਤੋਂ ਵੇਖ ਰਹੇ ਹਨ। ਕਾਂਗਰਸ ਪਾਰਟੀ ਦੀ ਬਰਨਾਲਾ ਰੈਲੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਮੰਨਿਆ ਜਾ ਰਿਹਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੀ ਬਰਨਾਲਾ ਰੈਲੀ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਸਪੱਸ਼ਟ ਜ਼ਾਹਿਰ ਹੈ ਕਿ ਕਾਂਗਰਸ ਦੇ ਇਸ ਬਿਗਲ ਦੀ ਗੂੰਜ ਵਿਰੋਧੀ ਪਾਰਟੀਆਂ ਦੇ ਕੰਨਾਂ ਤੱਕ ਪੁੱਜੀ ਹੈ। ਦੂਜੇ ਪਾਸੇ ਇਸ ਰੈਲੀ ਵਿੱਚ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਜਿੱਥੇ ਪੰਜਾਬ ਕਾਂਗਰਸ ਦੇ ਚਿਹਰੇ ਖਿੜੇ ਹੋਏ ਹਨ ਉੱਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਬਾਗ਼ੋਬਾਗ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਰੈਲੀ ਨੇ ਕੁਲਦੀਪ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਕੱਦ ਕਾਂਗਰਸ ਪਾਰਟੀ ਵਿੱਚ ਹੋਰ ਉੱਚਾ ਕੀਤਾ ਹੈ ਜਿਸ ਦਾ ਸਿਆਸੀ ਲਾਭ ਉਹਨਾਂ ਨੂੰ ਬਰਨਾਲਾ ਖੇਤਰ ਵਿੱਚ ਯਕੀਨਨ ਮਿਲੇਗਾ।

Gee98 Ads

Leave a Reply

Your email address will not be published. Required fields are marked *

error: Content is protected !!