Gee 98News

ਬਰਨਾਲਾ,28 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਵਿਖੇ ਕਾਂਗਰਸ ਪਾਰਟੀ ਦੀ “ਮਨਰੇਗਾ ਮਜ਼ਦੂਰ ਕਿਸਾਨ ਬਚਾਓ” ਮਹਾਂਰੈਲੀ ਵਿੱਚ ਪੁੱਜੇ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਚੋਟੀ ਦੇ ਆਗੂਆਂ ਦੀ ਧੜੇਬੰਦੀ ਸਬੰਧੀ ਇਹਨਾਂ ਆਗੂਆਂ ਨੂੰ ਸਿਰੇ ਦੀ ਕਰਾਰੀ ਗੱਲ ਕਹਿ ਦਿੱਤੀ। ਕੇਂਦਰ ਦੀ ਭਾਜਪਾ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਿਆਸੀ ਰਗੜੇ ਲਾਉਣ ਵਾਲੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਰਾਹੁਲ ਗਾਂਧੀ ਨੇ ਮੰਚ ‘ਤੇ ਬੈਠੇ ਪੰਜਾਬ ਕਾਂਗਰਸ ਦੇ ਲੱਗਭੱਗ ਸਾਰੇ ਆਗੂਆਂ ਨੂੰ ਸਿੱਧੇ ਤੌਰ ‘ਤੇ ਮੁਖਾਤਿਬ ਹੁੰਦੇ ਹੋਏ ਕਿਹਾ ਕਿ “ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕਰੋ, ਤੁਸੀਂ ਸਾਰੇ ਜਣੇ ਪਲੇਅਰ ਬਣੋ, ਨਹੀਂ ਤਾਂ ਅਸੀਂ ਕਿਸੇ ਨੂੰ ਵੀ ਰਿਜ਼ਰਵ ‘ਚ ਬਿਠਾ ਸਕਦੇ ਹਾਂ”। ਰਾਹੁਲ ਗਾਂਧੀ ਨੇ ਆਪਣੇ ਹਿੰਦੀ ਦੇ ਭਾਸ਼ਣ ਦੌਰਾਨ ਠੇਠ ਪੰਜਾਬੀ ਲਹਿਜ਼ੇ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਕਿਹਾ ਕਿ “ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੇਕਰ ਕੋਈ ਇਧਰਲੀ ਉਧਰਲੀ ਗੱਲ ਕਰੇਗਾ ਤਾਂ ਉਸਦੇ ਖ਼ਿਲਾਫ਼ ਕਾਰਵਾਈ ਹੋਵੇਗੀ ਭਾਵੇਂ ਉਹ ਕਿੱਡਾ ਵੀ ਵੱਡਾ ਆਗੂ ਹੋਵੇ”। ਰਾਹੁਲ ਗਾਂਧੀ ਨੇ ਮੰਚ ‘ਤੇ ਬੈਠੇ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਸਾਹਮਣੇ ਪੰਡਾਲ ‘ਚ ਬੈਠੇ ਵਰਕਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ “ਇਹ ਵਰਕਰ ਕਾਂਗਰਸ ਦੀ ਅਸਲ ਤਾਕਤ ਹਨ, ਇਹੀ ਵਰਕਰ ਕਾਂਗਰਸ ਦੇ ਆਗੂ ਹਨ ਜਿਹੜਾ ਇਹਨਾਂ ਦੀ ਇੱਜ਼ਤ ਨਹੀਂ ਕਰੇਗਾ ਉਸਦੀ ਕਾਂਗਰਸ ਦੇ ਵਿੱਚ ਇੱਜ਼ਤ ਨਹੀਂ ਹੋਵੇਗੀ”। ਕੁੱਲ ਮਿਲਾ ਕੇ ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਇਹ ਮੰਨ ਲਿਆ ਕਿ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਵਿੱਚ ਧੜੇਬੰਦੀ ਹੈ ਪ੍ਰੰਤੂ ਨਾਲ ਹੀ ਉਹਨਾਂ ਨੇ ਇਹ ਸਖ਼ਤ ਤਾੜਨਾ ਵੀ ਕਰ ਦਿੱਤੀ ਕਿ ਜੇਕਰ ਹਾਲਾਤ ਇਹੋ ਹੀ‌ ਰਹੇ ਤਾਂ ਪੰਜਾਬ ਦੇ 2027 ਦੇ ਸਿਆਸੀ ਮੈਚ ਵਿੱਚ ਧੜੇਬੰਦੀ ਦੀਆਂ ਸੁਰਾਂ ਕੱਢਣ ਵਾਲੇ ਆਗੂਆਂ ਨੂੰ ਰਿਜ਼ਰਵ ਪਲੇਅਰ ਦੇ ਤੌਰ ‘ਤੇ ਵੀ ਬਿਠਾਇਆ ਜਾ ਸਕਦਾ ਹੈ। ਰਾਹੁਲ ਗਾਂਧੀ ਦੇ ਇਹਨਾਂ ਸ਼ਬਦਾਂ ਦਾ ਭਾਵ ਅਰਥ ਸਿੱਧੇ ਤੌਰ ‘ਤੇ ਇਹੋ ਲਿਆ ਜਾ ਸਕਦਾ ਹੈ ਕਿ ਧੜੇਬੰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੀ ਖੁਦ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ।

Leave a Reply

Your email address will not be published. Required fields are marked *

error: Content is protected !!