Gee 98News

ਚੰਡੀਗੜ੍ਹ 2 ਮਾਰਚ , Gee98 news service-

-ਭਾਵੇਂ ਕਿ ਪੰਜਾਬ ‘ਚ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੇ ਪੁਲਿਸ ਐਨਕਾਉਂਟਰ ਬਹਿਸ ਦਾ ਮੁੱਦਾ ਬਣੇ ਹੋਏ ਹਨ ਪ੍ਰੰਤੂ ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ‘ਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ 19 ਕੁ ਵਰ੍ਹਿਆਂ ਦੇ ਨੌਜਵਾਨ ਰਣਜੀਤ ਸਿੰਘ ਦਾ ਪੁਲਿਸ ਐਨਕਾਉਂਟਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਕਰਦਾ ਜਾਪਦਾ ਹੈ। ਜ਼ਿਕਰਯੋਗ ਹੈ ਕਿ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਚੁੱਕੇ ਗਏ 19 ਸਾਲਾਂ ਦੇ ਰਣਜੀਤ ਸਿੰਘ ਦਾ ਪੁਲਿਸ ਐਨਕਾਉਂਟਰ ਹੋਇਆ ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ। ਇਸ ਪੁਲਿਸ ਐਨਕਾਉਂਟਰ ਦੀ ਖ਼ਬਰ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰੀ। ਦਰਅਸਲ ਪੁਲਿਸ ਐਨਕਾਉਂਟਰ ਸਬੰਧੀ ਪੰਜਾਬ ਪੁਲਿਸ ਦੀ ਸਕ੍ਰਿਪਟ ਨੇ ਹੀ ਪੁਲਿਸ ਨੂੰ ਸ਼ੱਕ ਦੇ ਘੇਰੇ ‘ਚ ਖੜਾ ਕਰ ਦਿੱਤਾ। ਇਸ ਤੋਂ ਇਲਾਵਾ ਕੁਝ ਤਕਨੀਕੀ ਘਟਨਾਕ੍ਰਮ ਵੀ ਅਜਿਹੇ ਵਾਪਰੇ ਜਿਨਾਂ ਨੇ ਪੰਜਾਬ ਪੁਲਿਸ ਨੂੰ ਪੁਲਿਸ ਵੱਲੋਂ ਆਪੇ ਬੁਣੀ ਕਹਾਣੀ ਵਿੱਚ ਉਲਝਾ ਦਿੱਤਾ। ਰਣਜੀਤ ਸਿੰਘ ਦੇ ਪੁਲਿਸ ਐਨਕਾਉਂਟਰ ਤੋਂ ਪਹਿਲਾਂ ਵਾਪਰੇ ਘਟਨਾਕ੍ਰਮ ‘ਚ ਰਣਜੀਤ ਸਿੰਘ ਦਾ ਪਿੰਡ ਕਿਸੇ ਹੋਰ ਪੁਲਿਸ ਸਟੇਸ਼ਨ ਦੇ ਅਧੀਨ ਪੈਂਦਾ ਹੈ ਪ੍ਰੰਤੂ ਉਸਨੂੰ ਘਰੋਂ ਚੁੱਕ ਕੇ ਕਿਸੇ ਹੋਰ ਪੁਲਿਸ ਸਟੇਸ਼ਨ ਦਾ ਐਸ ਐਚ ਓ ਲੈ ਕੇ ਗਿਆ ਜਦ ਕਿ ਰਣਜੀਤ ਸਿੰਘ ਦਾ ਐਨਕਾਉਂਟਰ ਕਿਸੇ ਹੋਰ ਪੁਲਿਸ ਸਟੇਸ਼ਨ ਦੇ ਘੇਰੇ ਵਿੱਚ ਹੋਇਆ ਦੱਸਿਆ ਗਿਆ ਹੈ। ਇੱਥੇ ਇਹ ਵੀ ਧਿਆਨ ਰਹੇ ਕਿ ਰਣਜੀਤ ਸਿੰਘ ਨੂੰ ਘਰੋਂ ਚੁੱਕਣ ਵਾਲੇ ਐਸ ਐਚ ਓ ਨੇ ਅੱਗੇ ਸੀਆਈਏ ਸਟਾਫ਼ ਇੰਚਾਰਜ ਨੂੰ ਰਣਜੀਤ ਸਿੰਘ ਸੌਂਪ ਦਿੱਤਾ ਜਿਸ ਨੇ ਪੁਲਿਸ ਐਨਕਾਉਂਟਰ ‘ਚ ਆਪਣੀ ਖੱਬੀ ਬਾਂਹ ‘ਤੇ ਗੋਲੀ ਲੱਗਣ ਦਾ ਦਾਅਵਾ ਕੀਤਾ ਹੈ। ‌ਇਸੇ ਪੁਲਿਸ ਐਨਕਾਉਂਟਰ ‘ਤੇ ਉਗਲਾਂ ਚੁੱਕਣ ਵਾਲੇ ਇਸ ਪੱਖ ਨੂੰ ਵੀ ਉਜਾਗਰ ਕਰ ਰਹੇ ਹਨ ਕਿ ਪੁਲਿਸ ਦੀ ਗੱਡੀ ਹੋਰ ਜਗ੍ਹਾ ਪਲਟਦੀ ਹੈ ਅਤੇ ਉਥੋਂ ਲੱਗਭੱਗ 23 ਕਿਲੋਮੀਟਰ ਦੂਰ ਰਣਜੀਤ ਸਿੰਘ ਦਾ ਪੁਲਿਸ ਐਨਕਾਉਂਟਰ ਹੁੰਦਾ ਹੈ। ਪੰਜਾਬ ਸਰਕਾਰ ਲਈ ਇਹ ਐਨਕਾਊਂਟਰ ਇਸ ਕਰਕੇ ਵੀ ਸਿਰਦਰਦੀ ਬਣਿਆ ਕਿਉਂਕਿ ਗੁਰਦਾਸਪੁਰ ਵਿੱਚ ਲੋਕ ਸਭਾ ਮੈਂਬਰ ਵੀ ਕਾਂਗਰਸ ਦਾ ਹੈ, ਐਨਕਾਉਂਟਰ ਵਾਲੇ ਖੇਤਰ ਦਾ ਵਿਧਾਇਕ ਵੀ ਕਾਂਗਰਸ ਦਾ ਹੈ ਜਿਨ੍ਹਾਂ ਨੇ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕਰ ਦਿੱਤੀ ਹੈ। ‌ ਇਸ ਐਨਕਾਉਂਟਰ ਦੇ ਖ਼ਿਲਾਫ਼ ਲੋਕਾਂ ਦਾ ਹਜ਼ੂਮ ਇਕੱਠਾ ਹੋਇਆ ਜਿਸ ਤੋਂ ਬਾਅਦ ਪਰਿਵਾਰ ਨੇ ਇਸ ਮਾਮਲੇ ਦੀ ਉੱਚ ਪੱਧਰੀ ਪੜ੍ਹਤਾਲ ਮੰਗੀ ਅਤੇ ਇਹ ਮਾਮਲਾ ਹੁਣ ਅਦਾਲਤ ਵਿੱਚ ਵੀ ਚਲਾ ਗਿਆ। ਪਰਿਵਾਰ ਵੱਲੋਂ ਡੀਐਸਪੀ ਦੀਨਾਨਗਰ, ਐਸਐਸਪੀ ਗੁਰਦਾਸਪੁਰ ਅਤੇ ਖੇਤਰ ਦੇ ਚਾਰ ਥਾਣਿਆਂ ਦੇ ਪੁਲਿਸ ਮੁਖੀਆਂ ਦੀ ਮੋਬਾਈਲ ਫੋਨ ਕਾਲ ਡਿਟੇਲ ਦੀ ਕੀਤੀ ਮੰਗ ਨੇ ਵੀ ਧਿਆਨ ਖਿੱਚਿਆ ਹੈ।

                                                              ਇਸ ਸਾਰੇ ਘਟਨਾਕ੍ਰਮ ਨਾਲ ਜੁੜਿਆ ਅਹਿਮ ਪੱਖ ਇਹ ਵੀ ਹੈ ਕਿ ਜਿਸ ਖੇਤਰ ਵਿੱਚ ਪੁਲਿਸ ਮੁਲਾਜ਼ਮਾਂ ਦਾ ਕਤਲ ਹੋਇਆ ਉਹ ਖੇਤਰ ਬੀਐਸਐਫ ਦੇ ਦਾਇਰੇ ‘ਚ ਵੀ ਆਉਂਦਾ ਹੈ ਕਿਉਂਕਿ ਸਰਹੱਦ ਤੋਂ 50 ਕਿਲੋਮੀਟਰ ਦਾ ਦਾਇਰਾ ਬੀਐਸਐਫ ਦੇ ਘੇਰੇ ਵਿੱਚ ਹੈ, ਇਸ ਲਈ ਇਹ ਮਾਮਲਾ NIA ਦੀ ਕਚਹਿਰੀ ਵਿੱਚ ਵੀ ਜਾ ਸਕਦਾ ਹੈ। ਦੂਜੇ ਪਾਸੇ ਲੋਕਾਂ ਤੇ ਪਰਿਵਾਰ ਨੇ ਸੀਬੀਆਈ ਦੀ ਮੰਗ ਕੀਤੀ ਹੈ ਭਾਵੇਂ ਕਿ ਸੀਬੀਆਈ ਦੀ ਜਾਂਚ ਪੰਜਾਬ ਸਰਕਾਰ ਦੇ ਫੈਸਲੇ ‘ਤੇ ਨਿਰਭਰ ਕਰਦੀ ਹੈ ਪ੍ਰੰਤੂ ਜੇਕਰ ਇਹ ਮਾਮਲਾ ਹਾਈਕੋਰਟ ਵਿੱਚ ਚਲਾ ਗਿਆ ਤਾਂ ਹਾਈਕੋਰਟ ਤੱਥਾਂ ਦੇ ਆਧਾਰ ‘ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਵੀ ਦੇ ਸਕਦੀ ਹੈ। ਜੇਕਰ ਇਹ ਮਾਮਲਾ ਸੀਬੀਆਈ ਜਾਂ ਐਨਆਈਏ ਦੀ ਜਾਂਚ ਅਧੀਨ ਆਉਂਦਾ ਹੈ ਤਾਂ ਪੰਜਾਬ ਪੁਲਿਸ ਨੂੰ ਆਪਣੀ ਕਹਾਣੀ ਅਨੁਸਾਰ ਲੈਣੇ ਦੇ ਦੇਣੇ ਵੀ ਪੈ ਸਕਦੇ ਹਨ। ਕੁੱਲ ਮਿਲਾ ਕੇ ‘ਆਫ ਦੀ ਰਿਕਾਰਡ’ ਰਣਜੀਤ ਸਿੰਘ ਦੇ ਐਨਕਾਉਂਟਰ ਸਬੰਧੀ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਕਿ ਇਸ ਮਾਮਲੇ ਵਿੱਚ ਡੀਐਸਪੀ ਸਮੇਤ ਖੇਤਰ ਦੇ ਦੋ ਥਾਣਿਆਂ ਦੇ ਐਸਐਚਓਜ਼ ਦੀ ਨੌਕਰੀ ਦੀ ਬਲੀ ਦਿੱਤੀ ਜਾਵੇਗੀ ਅਤੇ ਉਹਨਾਂ ਦੇ ਖ਼ਿਲਾਫ਼ ਮੁਕੱਦਮਾ ਤੱਕ ਵੀ ਦਰਜ ਕੀਤਾ ਜਾ ਸਕਦਾ ਹੈ, ਸਰਕਾਰ ਲੋਕ ਰੋਹ ਤੋਂ ਬਚਣ ਲਈ ਇਹ ਕਦਮ ਚੁੱਕ ਸਕਦੀ ਹੈ ਪਰੰਤੂ ਦੂਜੇ ਪਾਸੇ ਮਾਮਲਾ ਅਦਾਲਤ ਵਿੱਚ ਪੁੱਜਣ ਕਾਰਨ ਇਸ ਮਾਮਲੇ ਦੀ ਅਗਲੀ ਦਿਸ਼ਾ ਹੁਣ ਅਦਾਲਤ ਤੈਅ ਕਰੇਗੀ।

Gee98 Ads

Leave a Reply

Your email address will not be published. Required fields are marked *

error: Content is protected !!