– ਸ਼ਰੇਆਮ ਵਿਕਦੈ ਨਸ਼ਾ, ਪੁਲਿਸ ਨੂੰ ਵੀ ਪਤੈ, ਨਹੀਂ ਹੁੰਦੀ ਕੋਈ ਕਾਰਵਾਈ…ਲੋਕਾਂ ਦੇ ਦੋਸ਼
ਚੰਡੀਗੜ੍ਹ, 15 ਜੂਨ , Gee98 News service-
-ਪੰਜਾਬ ਦੀ ਸਾਰੀ ਪੁਲਿਸ ਫੋਰਸ ਸਮੇਤ ਪਾਰਟੀ ਦੇ ਨਸ਼ਾ ਵਿਰੋਧੀ ਵਿੰਗ ਬਣਾ ਕੇ ਸਮੁੱਚੇ ਪੰਜਾਬ ਵਿੱਚ ਤਾਬੜਤੋੜ ਪ੍ਰਚਾਰ ਦੇ ਬਾਵਜੂਦ ਵੀ ਸੂਬੇ ਦੀ ‘ਆਪ’ ਸਰਕਾਰ ਪੰਜਾਬ ‘ਚੋਂ ਨਸ਼ਾ ਤਸਕਰੀ ਅਤੇ ਨਸ਼ਾਖੋਰੀ ਰੋਕਣ ਵਿੱਚ ਕਾਮਯਾਬ ਨਹੀਂ ਹੋ ਰਹੀ। ਰੋਜ਼ਾਨਾ ਸੂਬੇ ਦੇ ਕਿਸੇ ਨਾ ਕਿਸੇ ਕੋਨੇ ਵਿੱਚੋਂ ਅਜਿਹੀ ਖ਼ਬਰ ਸਾਹਮਣੇ ਆ ਜਾਂਦੀ ਹੈ ਜੋ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਫੂਕ ਕੱਢ ਦਿੰਦੀ ਹੈ। ਅਜਿਹੀ ਇਕ ਤਾਜ਼ਾ ਖ਼ਬਰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੋਕਾਂ ਨੇ ਨਸ਼ਾ ਤਸਕਰਾਂ ਤੋਂ ਤੰਗ ਆ ਕੇ ਆਪਣੇ ਘਰ ਵਿਕਾਊ ਕਰ ਦਿੱਤੇ ਹਨ। ਕੋਟਕਪੂਰਾ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਲੋਕਾਂ ਦੇ ਸਿਰ ‘ਤੇ ਨਾ ਤਾਂ ਕੋਈ ਕਰਜ਼ਾ ਹੈ, ਨਾ ਮੁਹੱਲੇ ਵਿੱਚ ਕੋਈ ਭਿਆਨਕ ਬਿਮਾਰੀ ਫੈਲੀ ਹੈ ਇਸ ਦੇ ਬਾਵਜੂਦ ਵੀ ਲੋਕ ਆਪਣੇ ਘਰ ਵੇਚਣ ਲਈ ਤਿਆਰ ਹਨ ਕਿਉਂਕਿ ਮੁਹੱਲੇ ਵਿੱਚ ਖੁੱਲੇਆਮ ਵਿਕ ਰਹੇ ਚਿੱਟੇ ਕਾਰਨ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ। ਮੁਹੱਲੇ ਦੇ ਲੋਕ ਸ਼ੋਸਲ ਮੀਡੀਆ ‘ਤੇ ਵੀਡੀਓ ਅਪਲੋਡ ਕਰਕੇ ਮੁਹੱਲੇ ‘ਚ ਨਸ਼ਾ ਵਿਕਣ ਦਾ ਸ਼ਰੇਆਮ ਖੁਲਾਸਾ ਕਰ ਰਹੇ ਹਨ ਪ੍ਰੰਤੂ ਇਸਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਤੋਂ ਬਾਅਦ ਕੋਟਕਪੂਰਾ ਦੇ ਜੈਤੋ ਰੋਡ ‘ਤੇ ਵਾਰਡ ਨੰਬਰ 17 ਦੀ ਰਾਮ ਬਸਤੀ ਦੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਫਲੈਕਸ ਅਤੇ ਪੋਸਟਰ ਲਗਾ ਦਿੱਤੇ ਹਨ ਜਿਨਾਂ ਉੱਪਰ ਲਿਖਿਆ ਹੈ ਕਿ “ਮੁਹੱਲੇ ‘ਚ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਇਹ ਘਰ ਵਿਕਾਊ ਹੈ”। ਪੋਸਟਰਾਂ ਉੱਪਰ ਘਰ ਦੇ ਮਾਲਕ ਦਾ ਨਾਮ ਵੀ ਲਿਖਿਆ ਗਿਆ ਹੈ। ਇਸ ਮੁਹੱਲੇ ਵਿੱਚ ਲੱਗਭੱਗ 50 ਤੋਂ 55 ਘਰ ਹਨ ਜਿਨਾਂ ਵਿੱਚੋਂ ਪੋਸਟਰ ਤਾਂ ਭਾਵੇਂ 20 ਕੁ ਘਰਾਂ ਉੱਪਰ ਲਗਾਏ ਗਏ ਹਨ ਪ੍ਰੰਤੂ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਘਰ ਹੀ ਵਿਕਾਊ ਹਨ।
ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਵਰਤੋਂ ਅਤੇ ਵਿਕਰੀ ਸ਼ਰੇਆਮ ਹੋ ਰਹੀ ਹੈ ਇਸ ਲਈ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਖਾਤਰ ਇਹ ਇਲਾਕਾ ਛੱਡਣ ਦਾ ਮਨ ਬਣਾ ਚੁੱਕੇ ਹਨ। ਜਦੋਂ ਪੱਤਰਕਾਰਾਂ ਨੇ ਮੁਹੱਲਾ ਵਾਸੀਆਂ ਨੂੰ ਨਸ਼ਾ ਤਸਕਰਾਂ ਸਬੰਧੀ ਸਵਾਲ ਕੀਤਾ ਤਾਂ ਮੁਹੱਲਾ ਵਾਸੀਆਂ ਨੇ ਜਵਾਬ ਦਿੱਤਾ ਕਿ ਪੁਲਿਸ ਨੂੰ ਵੀ ਬਾਖ਼ੂਬੀ ਪਤਾ ਹੈ ਕਿ ਮੁਹੱਲੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਦੋ ਭਰਾ ਚਿੱਟੇ ਦਾ ਕਾਰੋਬਾਰ ਕਰਦੇ ਹਨ ਜਿਨਾਂ ਉੱਪਰ ਐਨਡੀਪੀਐਸ ਦੇ ਮਾਮਲੇ ਵੀ ਦਰਜ ਹਨ। ਪੱਤਰਕਾਰਾਂ ਨੇ ਜਦੋਂ ਇਹਨਾਂ ਖਿਲਾਫ਼ ਪੁਲਿਸ ਕਾਰਵਾਈ ਸਬੰਧੀ ਪੁੱਛਿਆ ਤਾਂ ਲੋਕਾਂ ਨੇ ਬੇਬਾਕੀ ਨਾਲ ਕਿਹਾ ਕਿ ਪੁਲਿਸ ਨੂੰ ਇਹਨਾਂ ਦੀਆਂ ਸਰਗਰਮੀਆਂ ਦੀ ਬਾਖ਼ੂਬੀ ਜਾਣਕਾਰੀ ਹੈ ਇਸ ਦੇ ਬਾਵਜੂਦ ਵੀ ਇਹਨਾਂ ਦੇ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਦੱਸ ਦੇਈਏ ਕਿ ਇਸ ਮੁਹੱਲੇ ਵਿੱਚ ਕੁਝ ਲੋਕ 30-35 ਸਾਲਾਂ ਤੋਂ ਰਹਿ ਰਹੇ ਹਨ ਜਿਨਾਂ ਨੇ ਆਪਣੀ ਕਮਾਈ ਨਾਲ ਚੰਗੇ ਮਕਾਨ ਬਣਾਏ ਹੋਏ ਹਨ ਪਰੰਤੂ ਹੁਣ ਉਹ ਅੱਧੀ ਕੀਮਤ ‘ਤੇ ਮਕਾਨ ਵੇਚਣ ਲਈ ਤਿਆਰ ਹਨ। ਇਹ ਖ਼ਬਰ ਪੜ੍ਨ ਅਤੇ ਸੁਣਨ ਵਿੱਚ ਭਾਵੇਂ ਇੱਕ ਖ਼ਬਰ ਹੀ ਲੱਗਦੀ ਹੈ ਪ੍ਰੰਤੂ ਇਹ ਮਾਮਲਾ ਬਹੁਤ ਹੀ ਚਿੰਤਾਜਨਕ ਹੈ। ਸਵਾਲ ਉਠਦੇ ਹਨ ਕਿ ਆਖਰ ਕਰੋੜਾਂ ਅਰਬਾਂ ਦਾ ਬਜਟ ਰੱਖਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਾਮਯਾਬ ਕਿਉਂ ਨਹੀਂ ਹੋ ਰਹੀ। ਇਹ ਕਹਾਣੀ ਸਿਰਫ਼ ਕੋਟਕਪੂਰਾ ਦੇ ਇੱਕ ਮੁਹੱਲੇ ਦੀ ਹੀ ਨਹੀਂ ਹੈ ਸਗੋਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਰਹੇ ਹਨ ਜਿੱਥੇ ਨਸ਼ੇ ਦੀ ਵਿਕਰੀ ਸ਼ਰੇਆਮ ਹੁੰਦੀ ਹੈ ਅਤੇ ਨਸ਼ਾ ਤਸਕਰਾਂ ਸਬੰਧੀ ਪੁਲਿਸ ਨੂੰ ਬਕਾਇਦਾ ਜਾਣਕਾਰੀ ਵੀ ਹੈ ਪ੍ਰੰਤੂ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਜਿਸ ਕਰਕੇ ਪੰਜਾਬ ਦੀ ਯੁੱਧ ਨੱਸਿਆਂ ਵਿਰੁੱਧ ਮੁਹਿੰਮ ਦੀ ਫੂਕ ਨਿਕਲ ਰਹੀ ਹੈ।