Gee 98News

– ਵਿਰੋਧੀ ਪਾਰਟੀਆਂ ਨੂੰ ਤਿਆਰੀ ਲਈ ਵਕਤ ਨਹੀਂ ਦੇਣਾ ਚਾਹੁੰਦੀ ਭਾਜਪਾ

ਚੰਡੀਗੜ੍ਹ, 14, ਜੂਨ, Gee98 news service-

ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਨਵੰਬਰ ਜਾਂ ਦਸੰਬਰ ਦੇ ਮਹੀਨੇ ਵਿੱਚ ਹੋਣ ਦੀਆਂ ਚਰਚਾਵਾਂ ਨੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਖਲਬਲੀ ਮਚਾ ਦਿੱਤੀ ਹੈ। ਚੇਤੇ ਰਹੇ ਕਿ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਦਾ ਸਮਾਂ ਫਰਵਰੀ 2027 ਵਿੱਚ ਬਣਦਾ ਹੈ ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਇਹ ਚੋਣਾਂ 2026 ਦੇ ਨਵੰਬਰ ਜਾਂ ਦਸੰਬਰ ਮਹੀਨੇ ਹੋਣ ਵਿੱਚ ਦੀ ਚਰਚਾ ਤੇਜ਼ ਹੋ ਗਈ ਹੈ। ਦੇਸ਼ ਵਿੱਚ 9 ਫਰਵਰੀ ਤੋਂ 28 ਫਰਵਰੀ ਤੱਕ ਜਨਗਣਨਾ ਦਾ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ ਜਿਸ ਕਾਰਨ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਚੋਣਾਂ ਕਰਵਾਉਣ ਲਈ ਵੀ ਸਰਕਾਰੀ ਕਰਮਚਾਰੀਆਂ ਦੀ ਲੋੜ ਹੋਵੇਗੀ ਅਤੇ ਜਨਗਣਨਾ ਲਈ ਵੀ ਸਰਕਾਰੀ ਕਰਮਚਾਰੀਆਂ ਦੀ ਲੋੜ ਹੈ।ਪੰਜਾਬ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੇ ਸੰਕੇਤ ਜਨਗਣਨਾ ਦੇ ਕਾਰਨ ਹੀ ਨਹੀਂ ਮਿਲ ਰਹੇ, ਸਗੋਂ ਭਾਜਪਾ ਦੀ ਪੰਜਾਬ ‘ਚ ਵਧੀ ਸਰਗਰਮੀ ਵੀ ਇਹੋ ਸੰਕੇਤ ਦੇ ਰਹੀ ਹੈ ਕਿ ਪੰਜਾਬ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਜੇਕਰ ਨਜ਼ਰ ਮਾਰੀ ਜਾਵੇ ਤਾਂ ਭਾਜਪਾ ਨੇ ਹੇਠਲੇ ਪੱਧਰ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰਨ ਲਈ ਪੰਜਾਬ ਦੇ ਆਗੂਆਂ ਨੂੰ ਹੁਕਮ ਦੇ ਦਿੱਤੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ 2027 ਦੀ ਬਜਾਏ ਨਵੰਬਰ 2026 ਵਿੱਚ ਆਉਂਦੀਆਂ ਹਨ ਤਾਂ ਇਸ ਦਾ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਹੋਵੇਗਾ ਜਦ ਕਿ ਭਾਜਪਾ ਇਸ ਪਹਿਲਕਦਮੀ ਦਾ ਹਰ ਪੱਧਰ ‘ਤੇ ਲਾਹਾ ਲੈਣਾ ਚਾਹੇਗੀ। ਪੰਜਾਬ ‘ਚ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀ ਇੱਕ ਚਰਚਾ ਇਸ ਕਰਕੇ ਵੀ ਹੋ ਰਹੀ ਹੈ ਕਿ ਭਾਜਪਾ ਪੰਜਾਬ ‘ਚ ਵਿਰੋਧੀ ਪਾਰਟੀਆਂ ਨੂੰ ਚੋਣਾਂ ਦੀ ਤਿਆਰੀ ਲਈ ਜ਼ਿਆਦਾ ਵਕਤ ਨਹੀਂ ਦੇਣਾ ਚਾਹੁੰਦੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਚੋਣਾਂ ਨਵੰਬਰ ਜਾਂ ਦਸੰਬਰ ਮਹੀਨੇ ਵਿੱਚ ਵੀ ਹੋਣਗੀਆਂ ਤਾਂ ਇਹਨਾਂ ਦਾ ਐਲਾਨ ਵੀ ਅਚਾਨਕ ਹੀ ਹੋਵੇਗਾ, ਜਦ ਕਿ ਦੂਜੇ ਪਾਸੇ ਭਾਜਪਾ ਨੇ ਹੁਣੇ ਤੋਂ ਹੀ ਤਿਆਰੀ ਸ਼ੁਰੂ ਕੀਤੀ ਹੋਈ ਹੈ। ਉਂਝ ਭਾਵੇਂ ਪੰਜਾਬ ‘ਚ ਮੌਜੂਦਾ ਸੱਤਾਧਾਰੀ ਪਾਰਟੀ ਨੇ ਆਪਣੇ ਅਗਲੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਵੀ ਕਰ ਦਿੱਤਾ ਹੈ ਪ੍ਰੰਤੂ ਸਿਆਸੀ ਪਾਰਟੀਆਂ ਦੀਆਂ ਚੋਣਾਂ ਸਬੰਧੀ ਹੋਰ ਵੀ ਬਹੁਤ ਸਾਰੀਆਂ ਤਿਆਰੀਆਂ ਹੁੰਦੀਆਂ ਹਨ ਜਿਨਾਂ ਸਬੰਧੀ ਫੈਸਲੇ ਚੋਣਾਂ ਦੇ ਨੇੜੇ ਜਾ ਕੇ ਹੀ ਹੁੰਦੇ ਹਨ। ਸਿਆਸੀ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ‘ਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਚਰਚਾ ਵੀ ਭਾਜਪਾ ਦੀ ਰਣਨੀਤੀ ਦਾ ਹੀ ਹਿੱਸਾ ਹੈ।

Gee98 Ads

Leave a Reply

Your email address will not be published. Required fields are marked *

error: Content is protected !!