-ਸਾਰੇ ਰਾਜਾਂ ਦੇ ਡਰੱਗ ਕੰਟਰੋਲ ਵਿਭਾਗਾਂ ਨੂੰ ਹੁਕਮ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ
ਚੰਡੀਗੜ੍ਹ ,16 ਜੂਨ (Gee98 News service)-
-ਖੰਘ ਦੀਆਂ ਕੁਝ ਦਵਾਈਆਂ ਵਿੱਚ ਨਸ਼ੇ ਦੇ ਤੱਤਾਂ ਦੀ ਦੁਰਵਰਤੋਂ ਹੋਣ ਸਬੰਧੀ ਖ਼ਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇਹਨਾਂ ਦਵਾਈਆਂ ਦੀ ਵਿਕਰੀ ਸਬੰਧੀ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ। ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਮੁਤਾਬਕ, ਹੁਣ ਦੇਸ਼ ਭਰ ਵਿੱਚ ਖੰਘ ਦੇ ਸਿਰਪ ਸਮੇਤ ਕਿਸੇ ਵੀ ਤਰ੍ਹਾਂ ਦੀਆਂ ਤਰਲ ‘ਸਿਰਪ’ ਦਵਾਈਆਂ ਮੈਡੀਕਲ ਸਟੋਰਾਂ ‘ਤੇ ਰਜਿਸਟਰਡ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਨਹੀਂ ਵੇਚੀਆਂ ਜਾ ਸਕਣਗੀਆਂ। ਹੁਣ ਤੱਕ ਆਮ ਤੌਰ ‘ਤੇ ਲੋਕ ਖੰਘ, ਜ਼ੁਕਾਮ ਜਾਂ ਹੋਰ ਹਲਕੀਆਂ ਬਿਮਾਰੀਆਂ ਲਈ ਮੈਡੀਕਲ ਸਟੋਰਾਂ ਤੋਂ ਸਿੱਧੇ ਤੌਰ ‘ਤੇ ਸਿਰਪ ਖਰੀਦ ਲੈਂਦੇ ਸਨ ਪਰ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ। ਕਿਸੇ ਵੀ ਮੈਡੀਕਲ ਸਟੋਰ ਤੋਂ ਕੋਈ ਵੀ ਸਿਰਪ ਖਰੀਦਣ ਲਈ ਗਾਹਕ ਨੂੰ ਹੁਣ ਰਜਿਸਟਰਡ ਡਾਕਟਰ ਦੀ ਲਿਖਤੀ ਪਰਚੀ ਦਿਖਾਉਣੀ ਲਾਜ਼ਮੀ ਹੋਵੇਗੀ। ਸਿਹਤ ਮਾਹਰਾਂ ਮੁਤਾਬਕ ਇਸ ਫ਼ੈਸਲੇ ਨਾਲ ਖੰਘ ਦੀਆਂ ਦਵਾਈਆਂ ਵਿੱਚ ਮੌਜੂਦ ਕੁਝ ਤੱਤਾਂ ਦੀ ਨਸ਼ੇ ਦੇ ਤੌਰ ‘ਤੇ ਹੋ ਰਹੀ ਦੁਰਵਰਤੋਂ ਨੂੰ ਠੱਲ੍ਹ ਪਵੇਗੀ ਅਤੇ ਬਿਨਾਂ ਡਾਕਟਰੀ ਸਲਾਹ ਦੇ ਲਈਆਂ ਜਾਣ ਵਾਲੀਆਂ ਦਵਾਈਆਂ ਦੇ ਮਾੜੇ ਪ੍ਰਭਾਵਾਂ ਤੋਂ ਵੀ ਆਮ ਲੋਕਾਂ ਦਾ ਬਚਾਅ ਹੋ ਸਕੇਗਾ। ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਡਰੱਗ ਕੰਟਰੋਲ ਵਿਭਾਗਾਂ ਨੂੰ ਇਨ੍ਹਾਂ ਨਵੇਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।