ਚੰਡੀਗੜ੍ਹ, 17 ਜੂਨ, Gee98 News service-
-ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਤੇ ਐਮਐਲਏ ਹੋਸਟਲ ‘ਚ ਵਿਰਾਸਤੀ ਫਰਨੀਚਰ ਦੀ ਅਮਰੀਕਾ ਵਿੱਚ ਹੋਈ ਵਿਕਰੀ ਦਾ ਮਾਮਲਾ ਗਹਿਰਾ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੰਜਾਬੀ ਵਿਧਾਨ ਸਭਾ ਦੀ ਹਾਊਸ ਕਮੇਟੀ ਨੇ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਅਮਰੀਕਾ ਵਿਖੇ ਪੰਜਾਬ ਵਿਧਾਨ ਸਭਾ ਦੇ ਐਮਐਲਏ ਹੋਸਟਲ ਦੀਆਂ ਵਿਰਾਸਤੀ ਕੁਰਸੀਆਂ ਤੇ ਦੋ ਮੇਜ਼ਾਂ ਦੀ ਵਿਕਰੀ 59 ਲੱਖ ਰੁਪਏ ਵਿੱਚ ਹੋਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ ‘ਚ ਚਰਚਿਤ ਹੋਇਆ ਅਤੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਭਾ ਦੀ ਹਾਊਸ ਕਮੇਟੀ ਨੂੰ ਇਸਦੀ ਪੜ੍ਹਤਾਲ ਦੀ ਜ਼ਿੰਮੇਵਾਰੀ ਸੌਂਪੀ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਹਾਊਸ ਕਮੇਟੀ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰੇ। ਉਹਨਾਂ ਕਿਹਾ ਕਿ ਉੱਚ ਪੱਧਰੀ ਮੀਟਿੰਗ ਵਿੱਚ ਉਹਨਾਂ ਨੇ ਖੁਦ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਿਆ ਹੈ ਕਿ ਪਿਛਲੇ ਦਿਨੋਂ ਜੋ ਫਰਨੀਚਰ ਅਮਰੀਕਾ ਵਿੱਚ ਨਿਲਾਮ ਹੋਇਆ ਹੈ ਉਹ ਕਿਸ ਦੀ ਕਸਟੱਡੀ ਵਿੱਚ ਸੀ ਕਿਉਂਕਿ 2002 ਤੱਕ ਐਮਐਲਏ ਹੋਸਟਲ ਅਤੇ ਐਮਐਲਏ ਫਲੈਟ ਦੇ ਸਾਰੇ ਇੰਤਜ਼ਾਮ ਅਤੇ ਦੇਖਰੇਖ ਯੂਟੀ ਪ੍ਰਸ਼ਾਸਨ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ 2002 ਤੋਂ ਬਾਅਦ ਹੀ ਇਹ ਜ਼ਿੰਮੇਵਾਰੀ ਪੰਜਾਬ ਦੇ ਪੀਡਬਲਡੀ ਵਿਭਾਗ ਨੂੰ ਮਿਲੀ ਸੀ। ਹਾਲਾਂਕਿ ਵਿਰਾਸਤੀ ਫਰਨੀਚਰ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਦਫਤਰਾਂ ਇਥੋਂ ਤੱਕ ਕਿ ਥਾਣਿਆਂ ਵਿੱਚ ਵੀ ਰੱਖਿਆ ਹੋਇਆ ਹੈ ਜਿਸ ਦੀ ਬਕਾਇਦਾ ਮਾਰਕਿੰਗ ਕੀਤੀ ਗਈ ਹੈ ਇਸ ਲਈ ਇਹ ਫਰਨੀਚਰ ਕਿਧਰੇ ਬਾਹਰ ਜਾਣ ਦੀ ਹੁਣ ਗੁੰਜਾਇਸ਼ ਹੀ ਨਹੀਂ ਹੈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ 2002 ਤੋਂ ਪਹਿਲਾਂ ਹੀ ਬਾਹਰ ਗਿਆ ਹੈ।