Gee 98News

ਪੁਲਿਸ ਚੌਂਕੀ ਇੰਚਾਰਜ ASI ਨੇ ਸਰਵਿਸ ਰਿਵਾਲਵਰ ਨਾਲ ਹੀ ਕੀਤੀ ਆਤਮਹੱਤਿਆ

– ਪੁਲਿਸ ਵੱਖ ਵੱਖ ਪਹਿਲੂਆਂ ਤੋਂ ਕਰ ਰਹੀ ਹੈ ਜਾਂਚ

ਚੰਡੀਗੜ੍ਹ,26 ਜੂਨ, Gee98 News service-

ਪੰਜਾਬ ਪੁਲਿਸ ਦੇ ਇੱਕ ਏਐਸਆਈ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਪੁਲਿਸ ਆਤਮ ਹੱਤਿਆ ਤੋਂ ਇਲਾਵਾ ਵੀ ਵੱਖ ਵੱਖ ਪਹਿਲੂਆਂ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਿਤ ਹੈ ਜਿੱਥੇ ਪੁਲਿਸ ਚੌਂਕੀ ਕੈਰੋਂ ਦੇ ਇੰਚਾਰਜ ਏਐਸਆਈ ਅਮਰਜੀਤ ਸਿੰਘ ਨੇ ਸਰਵਿਸ ਰਿਵਾਲਵਰ ਨਾਲ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ। ਵੀਰਵਾਰ ਦੇਰ ਰਾਤ ਨਾਕਾਬੰਦੀ ਦੀ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਏਐਸਆਈ ਖਾਣਾ ਖਾ ਕੇ ਆਪਣੇ ਕੁਆਰਟਰ ‘ਚ ਗਿਆ ਤਾਂ ਕੁਝ ਸਮੇਂ ਬਾਅਦ ਕੁਆਰਟਰ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਈ ਜਦੋਂ ਸਾਥੀ ਮੁਲਾਜ਼ਮ ਅੰਦਰ ਪਹੁੰਚੇ ਤਾਂ ਏਐਸਆਈ ਅਮਰਜੀਤ ਸਿੰਘ ਖ਼ੂਨ ਨਾਲ ਲੱਥ ਪੱਥ ਪਿਆ ਸੀ ਅਤੇ ਕੋਲ ਸਰਵਿਸ ਰਿਵਾਲਵਰ ਪਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਟੀਮ ਸਮੇਤ ਮੌਕੇ ‘ਤੇ ਪੁੱਜੇ ਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਖਵਾਇਆ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਹਾਲਾਂਕਿ ਏਐਸਆਈ ਵੱਲੋਂ ਆਤਮਹੱਤਿਆ ਦੇ ਕਾਰਨਾਂ ਦਾ ਕੋਈ ਸਪੱਸ਼ਟ ਪਹਿਲੂ ਸਾਹਮਣੇ ਨਹੀਂ ਆਇਆ ਪ੍ਰੰਤੂ ਸੂਤਰਾਂ ਅਨੁਸਾਰ ਸਟਾਫ਼ ਦੀ ਕਮੀ ਅਤੇ ਕੰਮ ਦੇ ਭਾਰ ਕਰਕੇ ਏਐਸਆਈ ਕਈ ਵਾਰ ਆਪਣੇ ਤਬਾਦਲੇ ਦੀ ਉੱਚ ਅਧਿਕਾਰੀਆਂ ਤੋਂ ਮੰਗ ਕਰ ਚੁੱਕਿਆ ਸੀ, ਭਾਵੇਂ ਕਿ ਪੁਲਿਸ ਨੇ ਇਹਨਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਚਰਚਾ ਹੈ ਕਿ ਏਐਸਆਈ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਨਾਰਾਜ਼ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਹੀ ਅਜੇ ਕੁਝ ਦਿਨ ਪਹਿਲਾਂ ਹੀ ਪੱਟੀ ਦੀ ਅਦਾਲਤੀ ਕੰਪਲੈਕਸ ਵਿੱਚ ਡਿਊਟੀ ‘ਤੇ ਤਾਇਨਾਤ ਤੇ ਇੱਕ ਹੋਰ ਏਐਸਆਈ ਗੁਰਮੀਤ ਸਿੰਘ ਨੇ ਵੀ ਆਪਣੇ ਆਪ ਨੂੰ ਗੋਲੀ ਗੋਲੀ ਮਾਰ ਲਈ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੰਜਾਬ ਪੁਲਿਸ ਫੋਰਸ ਵਿੱਚ ਅਜਿਹੀਆਂ ਘਟਨਾਵਾਂ ਚਿੰਤਾ ਦਾ ਕਾਰਨ ਹਨ। ਭਾਵੇਂ ਕਿ ਉੱਚ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਨਹੀਂ ਤਿਆਰ ਨਹੀਂ ਪ੍ਰੰਤੂ ਚਰਚਾ ਹੈ ਕਿ ਮੌਜੂਦਾ ਦੌਰ ਦੇ ਰਾਜਨੀਤਿਕ ਮਾਹੌਲ ਵਿੱਚ ਪੁਲਿਸ ਦੇ ਕੰਮਕਾਜ ਵਿੱਚ ਸਿਆਸੀ ਦਖ਼ਲ ਅੰਦਾਜ਼ੀ, ਸਟਾਫ ਦੀ ਕਮੀ ਅਤੇ ਵਾਧੂ ਡਿਊਟੀਆਂ ਕਾਰਨ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ।

Gee98 Ads
error: Content is protected !!