– ਦੋ ਵਾਰ ਰੱਦ ਹੋ ਚੁੱਕੀ ਚੋਣ ਹੁਣ ਹਾਈਕੋਰਟ ਦੇ ਹੁਕਮਾਂ ‘ਤੇ ਹੋਵੇਗੀ ਸੰਪੰਨ
ਬਰਨਾਲਾ,26 ਜੂਨ ( ਨਿਰਮਲ ਸਿੰਘ ਪੰਡੋਰੀ )-
-ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਸੱਤਾਧਾਰੀ ਪਾਰਟੀ ਦਾ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਦੱਸ ਦੇਈਏ ਕਿ ਚੇਅਰਪਰਸਨ ਦੀ ਚੋਣ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਦੋਵੇਂ ਮੀਟਿੰਗਾਂ ਬਿਨਾਂ ਚੋਣ ਤੋਂ ਹੀ ਨਿਬੜ ਗਈਆਂ। ਇਹਨਾਂ ਦੋਵੇਂ ਮੀਟਿੰਗਾਂ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਚੋਣ ਨਾ ਹੋਣ ਦਾ ਕਾਰਨ ਸੱਤਾਧਾਰੀ ਪਾਰਟੀ ਦੇ ਜਿੱਤੇ ਹੋਏ ਮੈਂਬਰਾਂ ਦੀ ਖਿੱਚੋਤਾਣ ਹੀ ਸਾਹਮਣੇ ਆਇਆ ਹੈ। ਚੇਅਰਪਰਸਨ ਦੇ ਅਹੁਦੇ ਦੇ ਦਾਅਵੇਦਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਆਮ ਆਦਮੀ ਪਾਰਟੀ ਦੇ ਦੋ ਚੋਟੀ ਦੇ ਆਗੂਆਂ ਦੀਆਂ ਪਤਨੀਆਂ ਹਨ ਪਰੰਤੂ ਦੋਵਾਂ ਵਿਚਕਾਰ ਆਪਸੀ ਸਹਿਮਤੀ ਨਹੀਂ ਬਣ ਸਕੀ। ਹੁਣ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੇਅਰਪਰਸਨ ਦੀ ਚੋਣ ਦਾ ਇਹ ਮਾਮਲਾ ਹਾਈਕੋਰਟ ਦੇ ਦਰਵਾਜ਼ੇ ‘ਤੇ ਪੁੱਜ ਚੁੱਕਿਆ ਹੈ ਜਿੱਥੇ ਇਸ ਅਹੁਦੇ ਦੇ ਇੱਕ ਦਾਅਵੇਦਾਰ ਵੱਲੋਂ ਅਪੀਲ ਦਾਇਰ ਕੀਤੀ ਗਈ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਪਰਿਸ਼ਦ ਦੇ ਚੇਅਰਪਰਸਨ ਦੀ ਚੋਣ ਨਿਰਪੱਖ ਅਤੇ ਜਲਦੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ। ਭਰੋਸੇਯੋਗ ਸੂਤਰਾਂ ਅਨੁਸਾਰ ਅਪੀਲ ਕਰਤਾ ਨੇ ਹਾਈਕੋਰਟ ਅੱਗੇ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜ਼ਿਲ੍ਹਾ ਪਰਿਸ਼ਦ ਦੇ ਚੇਅਰਪਰਸਨ ਦੀ ਚੋਣ ਵਿੱਚ ਪੱਖਪਾਤ ਹੋ ਸਕਦਾ ਹੈ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਚੋਣ ਵੋਟਿੰਗ ਰਾਹੀਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ। ਜਾਣਕਾਰੀ ਅਨੁਸਾਰ ਮਾਨਯੋਗ ਹਾਈਕੋਰਟ ਨੇ ਇਸਦੀ ਸੁਣਵਾਈ ਲਈ 14 ਜੁਲਾਈ ਤਾਰੀਕ ਮੁਕਰਰ ਕੀਤੀ ਹੈ ਅਤੇ ਮੰਨਿਆ ਜਾ ਸਕਦਾ ਹੈ ਕਿ ਇਸ ਦਿਨ ਸੁਣਵਾਈ ਤੋਂ ਬਾਅਦ ਹਾਈਕੋਰਟ ਜ਼ਿਲਾ ਪ੍ਰਸ਼ਾਸਨ ਨੂੰ ਕੋਈ ਠੋਸ ਹੁਕਮ ਜਾਰੀ ਕਰ ਸਕਦੀ ਹੈ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਬਿਨਾਂ ਕਿਸੇ ਕਾਰਨ ਤੋਂ ਦੋ ਵਾਰ ਇਹ ਚੋਣ ਰੱਦ ਕਰਨ ਵਾਲੇ ਜ਼ਿਲਾ ਪ੍ਰਸ਼ਾਸਨ ਕੋਲ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਨਾ ਕਰਵਾਉਣ ਦਾ ਕੋਈ ਬਹਾਨਾ ਨਹੀਂ ਬਚੇਗਾ ਤੇ ਇਹ ਚੋਣ ਅਪੀਲਕਰਤਾ ਦੀ ਅਪੀਲ ਦੇ ਅਨੁਸਾਰ ਵੋਟਿੰਗ ਰਾਹੀਂ ਕਰਵਾਉਣੀ ਹੀ ਪਵੇਗੀ।