ਸਾਵਧਾਨ ! 1 ਜੁਲਾਈ ਤੋਂ ਲਾਗੂ ਹੋ ਗਏ ਕੁਝ ਵੱਡੇ ਵਿੱਤੀ ਬਦਲਾਅ… ਪੜ੍ਹੋ ਖ਼ਬਰ…!
ਚੰਡੀਗੜ੍ਹ,1 ਜੁਲਾਈ ( ਨਿਰਮਲ ਸਿੰਘ ਪੰਡੋਰੀ )-
-ਦੇਸ਼ ਵਿੱਚ ਅੱਜ 1 ਜੁਲਾਈ ਤੋਂ ਕੁਝ ਵਿੱਤੀ ਬਦਲਾਅ ਲਾਗੂ ਹੋਏ ਹਨ ਜਿਨਾਂ ਦਾ ਆਮ ਆਦਮੀ ਦੇ ਜੇਬ ‘ਤੇ ਅਸਰ ਪਵੇਗਾ। 1 ਜੁਲਾਈ ਤੋਂ ਨਵਾਂ ਪਾਸਪੋਰਟ ਬਣਾਉਣ ਅਤੇ ਪਾਸਪੋਰਟ ਰੀਨਿਊ ਕਰਵਾਉਣ ਦੀਆਂ ਫੀਸਾਂ ਵਿੱਚ ਵਾਧਾ ਲਾਗੂ ਹੋ ਚੁੱਕਿਆ ਹੈ। 30 ਪੰਨਿਆਂ ਵਾਲੇ ਨਵਾਂ ਪਾਸਪੋਰਟ ਲੈਣ ਦੀ ਫੀਸ ਵਧਾ ਕੇ 1500 ਤੋਂ 2500 ਕਰ ਦਿੱਤੀ ਗਈ ਜਦਕਿ 30 ਪੰਨਿਆਂ ਵਾਲਾ ਤਤਕਾਲ ਪਾਸਪੋਰਟ ਹੋਣਾ 3500 ਦੀ ਬਜਾਏ 5000 ਵਿੱਚ ਮਿਲੇਗਾ। ਇਸੇ ਤਰ੍ਹਾਂ 60 ਪੰਨਿਆਂ ਵਾਲਾ ਨਵਾਂ ਪਾਸਪੋਰਟ ਹੁਣ 2000 ਦੀ ਬਜਾਏ 3500 ਵਿੱਚ ਮਿਲੇਗਾ ਜਦਕਿ 60 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਦੀ ਫੀਸ 4000 ਦੀ ਬਜਾਏ 6000 ਰੁਪਏ ਕਰ ਦਿੱਤੀ ਗਈ ਹੈ। 1 ਜੁਲਾਈ ਤੋਂ ਰੇਲ ਗੱਡੀ ਵਿੱਚ ਮੁਫ਼ਤ ਸਫ਼ਰ ਕਰਨ ਵਾਲਿਆਂ ਨੂੰ ਵੀ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਰੇਲਵੇ ਨੇ ਬਿਨਾਂ ਟਿਕਟ ਸਫਰ ਕਰਨ ਵਾਲਿਆਂ ਨੂੰ ਜੁਰਮਾਨੇ ਦੀ ਰਕਮ 250 ਰੁਪਏ ਤੋਂ ਵਧਾ ਕੇ 500 ਤੱਕ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮਾਮਲਾ ਅਦਾਲਤ ਵਿੱਚ ਜਾਣ ‘ਤੇ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਛੇ ਮਹੀਨੇ ਦੀ ਸਜ਼ਾ ਤੇ 1000 ਦਾ ਜੁਰਮਾਨਾ ਵੀ ਹੋ ਸਕਦਾ ਹੈ। 1 ਜੁਲਾਈ ਤੋਂ ਆਧਾਰ ਕਾਰਡ ਤੇ ਆਪਣਾ ਈਮੇਲ ਐਡਰੈਸ ਅਪਡੇਟ ਕਰਵਾਉਣ ਵਾਲਿਆਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਸਰਕਾਰ ਨੇ 1 ਜੁਲਾਈ ਤੋਂ ਇਸ ਪ੍ਰਕਿਰਿਆ ‘ਤੇ ਲੱਗਣ ਵਾਲੇ 75 ਰੁਪਏ ਦੀ ਫੀਸ ਖਤਮ ਕਰ ਦਿੱਤੀ ਹੈ। ਹੁਣ ਇਹ ਕੰਮ ਮੁਫ਼ਤ ਵਿੱਚ ਕੀਤਾ ਜਾ ਸਕੇਗਾ ਭਾਵ ਜੇਕਰ ਕੋਈ ਆਪਣੇ ਆਧਾਰ ਕਾਰਡ ਨਾਲ ਈਮੇਲ ਐਡਰੈਸ ਲਿੰਕ ਜਾਂ ਅਪਡੇਟ ਕਰਨਾ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਸਰਕਾਰ ਦੀ ਇਹ ਯੋਜਨਾ 31 ਦਸੰਬਰ 2026 ਤੱਕ ਲਾਗੂ ਰਹੇਗੀ। 1 ਜੁਲਾਈ ਤੋਂ ਕਾਰਾਂ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। KIA INDIA ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ 2 ਫੀਸਦੀ ਵਾਧਾ ਕੀਤਾ ਹੈ ਜਦਕਿ ਟਾਟਾ ਮੋਟਰਜ਼ ਨੇ 1.5 ਫੀਸਦੀ ਕੀਮਤਾਂ ਵਧਾ ਦਿੱਤੀਆਂ ਹਨ।