ਚੰਡੀਗੜ੍ਹ,12 ਜੁਲਾਈ, Gee98 news service-
–ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਅਧਾਰਤ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ। ਹੁਣ ਇਸ ਫਰਵਰੀ ਨੂੰ ZEE5 ਦੀ ਗਲੋਬਲ ਸ਼੍ਰੇਣੀ ਤੋਂ ਵੀ ਹਟਾ ਦਿੱਤਾ ਗਿਆ ਹੈ ਭਾਵ ਕਿ ਹੁਣ ਫਿਲਮ ਵਿਦੇਸ਼ਾਂ ਵਿੱਚ ਵੀ ਨਹੀਂ ਦੇਖੀ ਜਾ ਸਕੇਗੀ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਇਸ ਫਿਲਮ ਦੇ ਵਿਸ਼ੇ ਦੀ ਜਾਂਚ ਲਈ ਗਠਿਤ ਕੀਤੀ ਕੇਂਦਰੀ ਕਮੇਟੀ ਨੇ ਵੀ ਸਿਫਾਰਿਸ਼ ਕਰ ਦਿੱਤੀ ਹੈ ਕਿ ਇਸ ਫਿਲਮ ਨੂੰ ਬੈਨ ਹੀ ਰਹਿਣ ਦਿੱਤਾ ਜਾਵੇ। ਪੀਟੀਆਈ ਅਨੁਸਾਰ ਕਮੇਟੀ ਦਾ ਕਹਿਣਾ ਹੈ ਕਿ ਇਹ ਫਿਲਮ ਦੇਸ਼ ਦੀ ਪ੍ਰਭੂਤਾ ਅਤੇ ਅਖੰਡਤਾ ਲਈ ਖਤਰਾ ਹੈ। ਸੂਤਰਾਂ ਅਨੁਸਾਰ ਕਮੇਟੀ ਨੇ ਇਹ ਵੀ ਮੰਨਿਆ ਹੈ ਕਿ ਸਤਲੁਜ ਨੂੰ IT ਐਕਟ ਦੀ ਧਾਰਾ 69ਏ ਤਹਿਤ ਬੰਦ ਕਰਨ ਦਾ ਫੈਸਲਾ ਸਹੀ ਹੈ। ਜ਼ਿਕਰਯੋਗ ਹੈ ਕਿ ਸਤਲੁਜ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਖਾਲੜਾ ਦੀ ਜ਼ਿੰਦਗੀ ‘ਤੇ ਅਧਾਰਤ ਹੈ ਜਿਨਾਂ ਨੇ 1984 ਤੋਂ 1994 ਦੇ ਦੌਰ ਵਿੱਚ ਹਜ਼ਾਰਾਂ ਨੌਜਵਾਨਾਂ ਦੀਆਂ ਲਾਵਾਰਸ ਲਾਸ਼ਾਂ ਦੇ ਸਸਕਾਰ ਦੀ ਜਾਂਚ ਕੀਤੀ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਉਹਨਾਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਸੀਬੀਆਈ ਦੀ ਜਾਂਚ ਦੇ ਆਧਾਰ ‘ਤੇ ਅਦਾਲਤ ਨੇ ਸਬੰਧਿਤ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਜ਼ਾਵਾਂ ਸੁਣਾਈਆਂ ਸਨ। ਦੱਸ ਦੇਈਏ ਕਿ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਹ ਫਿਲਮ ਰਿਲੀਜ਼ ਹੋਣ ਤੋਂ ਦੋ ਦਿਨਾਂ ਦੇ ਅੰਦਰ ਹੀ ਇਸ ਨੂੰ ਹਟਾ ਦਿੱਤਾ ਸੀ ਅਤੇ ਇਸ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ ਉਸੇ ਕਮੇਟੀ ਨੇ ਹੁਣ ਇਸ ਫਿਲਮ ਨੂੰ ਬੈਨ ਰੱਖਣ ਦੀ ਸਿਫਾਰਿਸ਼ ਕੀਤੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਕੇਂਦਰ ਵੱਲੋਂ ਬੈਨ ਕੀਤੀ ਸਤਲੁਜ ਫਿਲਮ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਈ ਕਮੇਟੀ ਸੂਚਨਾ ਤੇ ਪ੍ਰਸਾਰਣ ਵਿਭਾਗ, ਰੱਖਿਆ ਵਿਭਾਗ, ਵਿਦੇਸ਼ ਵਿਭਾਗ, ਗ੍ਰਹਿ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਕਾਨੂੰਨ ਅਤੇ ਨਿਆਂ ਵਿਭਾਗ, ਇਲੈਕਟਰੋਨਿਕਸ ਅਤੇ ਸੂਚਨਾ ਵਿਭਾਗ ਦੇ ਦੇ ਅਧਿਕਾਰੀ ਸ਼ਾਮਿਲ ਸਨ।