Skip to main content

Gee 98News

ਮੈਂ ਸ਼ਰਮਿੰਦਾ ਹਾਂ ਤੇ ਸਫ਼ਾਈ ਕਾਮਿਆਂ ਦੀਆਂ ਅੱਖਾਂ ‘ਚ ਅੱਖਾਂ ਪਾਉਣ ਜੋਗਾ ਨਹੀਂ ਹਾਂ-ਮੇਅਰ ਭਾਰਦਵਾਜ

ਨਗਰ ਨਿਗਮ ਦੇ ਮੇਅਰ ਨੇ ਪੁਲਿਸ ਅਧਿਕਾਰੀਆਂ ‘ਤੇ ਵੱਡੀ ਕਾਰਵਾਈ ਦੇ ਵੀ ਦਿੱਤੇ ਸੰਕੇਤ

ਬਰਨਾਲਾ,27 ਜੁਲਾਈ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ‘ਤੇ ਲਾਠੀਚਾਰਜ ਕਰਨ ਦੀ ਘਟਨਾਕ੍ਰਮ ਦੀ ਮੁੱਢਲੀ ਕਾਰਵਾਈ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਪੜ੍ਹਤਾਲ ਸ਼ੁਰੂ ਕੀਤੀ ਗਈ ਹੈ, ਪੜ੍ਹਤਾਲ ਦੇ ਅਧਾਰ ‘ਤੇ ਕੋਈ ਵੱਡੀ ਕਾਰਵਾਈ ਕਰਨੀ ਬਣਦੀ ਹੋਵੇਗੀ ਤਾਂ ਉਹ ਵੀ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਇਕ ਮੀਡੀਆ ਪਲੇਟਫਾਰਮ ‘ਤੇ ਗੱਲਬਾਤ ਕਰਦੇ ਹੋਏ ਕੀਤਾ। ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਨੂੰ ਅੱਤਿਆਚਾਰ ਦਾ ਨਾਮ ਦਿੰਦੇ ਹੋਏ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਉਹ ਸ਼ਰਮਿੰਦਾ ਹਨ ਅਤੇ ਪੁਲਿਸ ਦੇ ਅੱਤਿਆਚਾਰ ਨੇ ਉਹਨਾਂ ਨੂੰ ਸਫ਼ਾਈ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਜੋਗਾ ਨਹੀਂ ਛੱਡਿਆ। ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਹੇਅਰ ਨੇ ਵੀ ਨਿੱਜੀ ਤੌਰ ‘ਤੇ ਮਾਫ਼ੀ ਮੰਗੀ ਹੈ ਤੇ ਉਹ ਵੀ ਵਾਰ-ਵਾਰ ਇਸ ਸਾਰੇ ਘਟਨਾਕ੍ਰਮ ਲਈ ਮਾਫ਼ੀ ਮੰਗਦੇ ਹਨ। ‌ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਾਠੀਚਾਰਜ ਵਾਲੇ ਦਿਨ ਕੂੜੇ ਦੇ ਢੇਰ ਭਾਵੇਂ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੁੱਕੇ ਜਾ ਰਹੇ ਸੀ ਪ੍ਰੰਤੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਇਹ ਹੈਰਾਨੀਜਨਕ ਖੁਲਾਸਾ ਕੀਤਾ ਕਿ ਉਹਨਾਂ ਨੂੰ ਇਸ ਕਾਰਵਾਈ ਦੀ ਕੋਈ ਭਿਣਕ ਨਹੀਂ ਸੀ ਕਿ ਨਿਗਮ ਦੇ ਵੱਲੋਂ ਕੂੜੇ ਦੇ ਢੇਰ ਪੁਲਿਸ ਦੀ ਨਿਗਰਾਨੀ ਹੇਠ ਚੁਕਾਏ ਜਾ ਰਹੇ ਹਨ। ‌ ਮੇਅਰ ਭਾਰਦਵਾਜ ਨੇ ਕਿਹਾ ਕਿ ਭਾਵੇਂ ਕਿ ਹਾਈਕੋਰਟ ਦੇ ਹੁਕਮ ਸਨ ਕਿ ਕੂੜੇ ਦੇ ਢੇਰ ਚੁਕਵਾਏ ਜਾਣ ਪਰੰਤੂ ਹਾਈਕੋਰਟ ਦੇ ਇਹ ਹੁਕਮ ਨਹੀਂ ਸਨ ਕਿ ਸਫ਼ਾਈ ਕਰਮਚਾਰੀਆਂ ਦੇ ਡਾਂਗਾਂ ਮਾਰ ਕੇ ਸਿਰ ਪਾੜ ਦਿੱਤੇ ਜਾਣ, ਇਸ ਲਈ ਇਹ ਘਟਨਾਕ੍ਰਮ ਬਹੁਤ ਮੰਦਭਾਗਾ ਹੈ ਅਤੇ ਉਹ ਇਸ ਦੀ ਸਖ਼ਤ ਨਿੰਦਾ ਕਰਦੇ ਹਨ। ‌ ਕੂੜਾ ਚੁੱਕੇ ਜਾਣ ਸਬੰਧੀ ਨਗਰ ਨਿਗਮ ਦੀ ਕਾਰਵਾਈ ਤੋਂ ਅਣਜਾਣ ਹੋਣ ਸਬੰਧੀ ਮੇਅਰ ਦੇ ਇਸ ਖੁਲਾਸੇ ਤੋਂ ਬਾਅਦ ਹੋਰ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਕੀ ਅਸਿਸਟੈਂਟ ਕਮਿਸ਼ਨਰ ਨੇ ਮੇਅਰ ਦੇ ਧਿਆਨ ਵਿੱਚ ਲਿਆਉਣ ਤੋਂ ਬਿਨਾਂ ਹੀ ਆਪਣੇ ਪੱਧਰ ‘ਤੇ ਐਨੀ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਨੇ ਦੇਸ਼ ਵਿਦੇਸ਼ ਵਿੱਚ ਸੱਤਾਧਾਰੀ ਪਾਰਟੀ ਦੀ ਚਰਚਾ ਕਰਵਾ ਦਿੱਤੀ।‌‌ ਮੀਡੀਆ ਪਲੇਟਫਾਰਮ ‘ਤੇ ਗੱਲਬਾਤ ਕਰਦੇ ਹੋਏ ਮੇਅਰ ਹਸਨਪ੍ਰੀਤ ਵੱਲੋਂ ਲਾਠੀਚਾਰਜ ਦੇ ਦੋਸ਼ੀ ਮੰਨੇ ਜਾ ਰਹੇ ਅਫ਼ਸਰਾਂ ਪ੍ਰਤੀ ਦਿਖਾਏ ਰਵੱਵੀਏ ਤੋਂ ਬਾਅਦ ਦੋਵੇਂ ਪੁਲਿਸ ਅਫ਼ਸਰਾਂ ਦੀ ਨਗਰ ਨਿਗਮ ਚੋਣਾਂ ਦੌਰਾਨ ਭੂਮਿਕਾ ‘ਤੇ ਵੀ ਚਰਚਾ ਸ਼ੁਰੂ ਹੋ ਗਈ ਹੈ। ਆਪਣੀ ਗੱਲਬਾਤ ਦੌਰਾਨ ਵਰਤੇ ਗਏ ਸ਼ਬਦਾਂ ਤੋਂ ਇਲਾਵਾ ਮੇਅਰ ਦੀ ਸਰੀਰਕ ਭਾਸ਼ਾ ਤੋਂ ਇਹ ਸਪੱਸ਼ਟ ਜ਼ਾਹਿਰ ਹੁੰਦਾ ਹੈ ਕਿ ਉਹ ਲਾਠੀਚਾਰਜ ਦੇ ਇਸ ਘਟਨਾਕ੍ਰਮ ਤੋਂ ਜ਼ਿਆਦਾ ਤਕਲੀਫ ਵਿੱਚ ਇਸ ਕਰਕੇ ਵੀ ਹਨ ਕਿਉਂਕਿ ਜ਼ਖ਼ਮੀ ਹੋਏ ਬਹੁਤੇ ਸਫ਼ਾਈ ਕਰਚਾਰੀਆਂ ਵਿੱਚੋਂ ਮੇਅਰ ਦੇ ਵਾਰਡ ਨੰਬਰ 44 ਨਾਲ ਸੰਬੰਧਿਤ ਹਨ ਜਿਨ੍ਹਾਂ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਵੋਟਾਂ ਪਾ ਕੇ ਕੌਂਸਲਰ ਚੁਣਿਆ ਜਿਸ ਤੋਂ ਬਾਅਦ ਉਹ ਮੇਅਰ ਦੀ ਕੁਰਸੀ ‘ਤੇ ਬਿਰਾਜਮਾਨ ਹੋਏ। ‌ ਭਾਵੇਂ ਕਿ ਲਾਠੀਚਾਰਜ ਦੇ ਘਟਨਾਕ੍ਰਮ ਨਾਲ ਸੰਬੰਧਿਤ ਡੀਐਸਪੀ ਅਤੇ ਐਸਐਚਓ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਮੇਅਰ ਦੀ ਤਾਜ਼ਾ ਇੰਟਰਵਿਊ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਹੋਰ ਪੜ੍ਹਤਾਲ ਦੇ ਆਧਾਰ ‘ਤੇ ਦੋਵੇਂ ਅਫ਼ਸਰਾਂ ਦੇ ਖ਼ਿਲਾਫ਼ ਹੋਰ ਵੱਡੀ ਕਾਰਵਾਈ ਵੀ ਹੋ ਸਕਦੀ ਹੈ। ‌ ਬਹਰਹਾਲ ! ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਤੋਂ ਛੇ ਦਿਨਾਂ ਬਾਅਦ ਨਗਰ ਨਿਗਮ ਦੇ ਮੇਅਰ ਦੀ ਇਹ ਇੰਟਰਵਿਊ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

error: Content is protected !!