– ਅਕਾਲੀ ਭਾਜਪਾ ਸਰਕਾਰ ਮੌਕੇ ਸਿੰਚਾਈ ਵਿਭਾਗ ‘ਚ ਪਈ ਸੀ ਇਸ ਘਪਲੇ ਦੀ ਗੂੰਜ
ਚੰਡੀਗੜ੍ਹ, 13 ਅਗਸਤ, Gee98 news service-
-ਪੰਜਾਬ ‘ਚ 2007 ਤੋਂ 2017 ਤੱਕ ਸਿੰਚਾਈ ਵਿਭਾਗ ਦੇ ਜਿਹੜੇ ਬਹੁ ਚਰਚਿਤ 1200 ਕਰੋੜ ਦੇ ਘਪਲੇ ਸਬੰਧੀ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ‘ਚ ਹੁੰਦੇ ਹੋਏ ਤਤਕਾਲੀਨ ਸਰਕਾਰ ਅਤੇ ਸਬੰਧਿਤ ਅਫ਼ਸਰਾਂ ਨੂੰ ਪਾਣੀ ਪੀ ਪੀ ਕੋਸਿਆ ਹੁਣ ਉਸੇ ਮਾਮਲੇ ‘ਚ ਸਬੰਧਿਤ ਅਫ਼ਸਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰਾਜ ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਵਿਸਥਾਰਤ ਜਾਂਚ ਤੋਂ ਬਾਅਦ ਤਿੰਨ ਆਈਏਐਸ ਅਫ਼ਸਰਾਂ ਸਰਵੇਸ਼ ਕੌਂਸਲ, ਕੇਬੀਐਸ ਸਿੱਧੂ ਅਤੇ ਕਾਹਨ ਸਿੰਘ ਪੰਨੂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ ਦੀ ਰਕਮ ਬਰਾਮਦ ਹੋਈ ਹੈ। ਵਿਜੀਲੈਂਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ‘ਚ ਕੋਈ ਵੀ ਅਜਿਹਾ ਗਵਾਹ ਨਹੀਂ ਮਿਲਿਆ ਜੋ ਇਹਨਾਂ ਅਫ਼ਸਰਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੋਵੇ। ਪੰਜਾਬ ਦੇ ਇਹਨਾਂ ਤਿੰਨਾਂ ਆਈਐਸ ਅਫ਼ਸਰਾਂ ਦੇ ਖ਼ਿਲਾਫ਼ ਲੱਗਭੱਗ 1200 ਕਰੋੜ ਦੇ ਸਿੰਚਾਈ ਵਿਭਾਗ ਦੇ ਘਪਲੇ ਸਬੰਧੀ ਜਾਂਚ ਪਿਛਲੇ ਤਿੰਨ ਸਾਲਾਂ ਤੋਂ ਲਟਕੀ ਹੋਈ ਸੀ ਜਿਸ ਸਬੰਧੀ ਹਾਈਕੋਰਟ ਨੇ 15 ਮਈ ਨੂੰ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ 15 ਦਿਨਾਂ ਦੇ ਵਿੱਚ ਵਿੱਚ ਮੁਕੰਮਲ ਜਾਂਚ ਰਿਪੋਰਟ ਪੇਸ਼ ਕੀਤੀ ਜਾਵੇ। ਸਿੰਚਾਈ ਵਿਭਾਗ ‘ਚ ਲੱਗਭੱਗ 1200 ਕਰੋੜ ਦੇ ਘਪਲੇ ਨਾਲ ਸੰਬੰਧਿਤ ਇਸ ਮਾਮਲੇ ਵਿੱਚ 17 ਅਗਸਤ 2017 ਨੂੰ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਇਸੇ ਐਫਆਈਆਰ ਦੀ ਵਿਸਥਾਰਤ ਜਾਂਚ ਦੌਰਾਨ ਪੰਜਾਬ ਰਾਜ ਵਿਜੀਲੈਂਸ ਬਿਊਰੋ ਨੇ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਸ ਮਾਮਲੇ ਦੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਵੱਲੋਂ ਹਾਈਕੋਰਟ ‘ਚ ਦਾਖਲ ਕੀਤੀ ਇਸ ਸਟੇਟਸ ਰਿਪੋਰਟ ਵਿੱਚ ਪੰਜਾਬ ਦੇ ਉਕਤ ਤਿੰਨੋਂ ਆਈਏਐਸ ਅਫ਼ਸਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਚੇਤੇ ਰਹੇ ਕਿ ਵਿਰੋਧੀ ਧਿਰ ‘ਚ ਰਹਿੰਦਿਆਂ ਆਮ ਆਦਮੀ ਪਾਰਟੀ ਨੇ ਇਸ ਸਿੰਚਾਈ ਘੁਟਾਲੇ ਦਾ ਖ਼ੂਬ ਰੌਲਾ ਪਾਇਆ ਸੀ ਅਤੇ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਤੰਬਰ 2022 ‘ਚ ਇਸ ਸਿੰਚਾਈ ਘੁਟਾਲੇ ਦੀ ਜਾਂਚ ਨੂੰ ਅੱਗੇ ਵਧਾਉਣ ਦੇ ਹੁਕਮ ਦਿੱਤੇ ਸਨ, ਹੁਣ ਇਸੇ ਸਰਕਾਰ ਦੀ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ‘ਚ 1200 ਕਰੋੜ ਦੇ ਇਸ ਸਿੰਚਾਈ ਘਪਲੇ ਸਬੰਧੀ ਹੱਥ ਖੜੇ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ‘ਚ ਨਾ ਤਾਂ ਭ੍ਰਿਸ਼ਟਾਚਾਰ ਦੀ ਰਕਮ ਲੱਭੀ ਹੈ, ਨਾ ਕੋਈ ਠੋਸ ਗਵਾਹ ਸਾਹਮਣੇ ਆਇਆ ਹੈ,ਜਿਸ ਨੇ ਤਿੰਨੋ ਆਈਏਐਸ ਅਫਸਰ ਸਰਵੇਸ਼ ਕੌਂਸਲ, ਕੇਬੀਐਸ ਸਿੱਧੂ ਅਤੇ ਕਾਹਨ ਸਿੰਘ ਪੰਨੂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੋਵੇ। ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਖਿਲਾਫ਼ ਜ਼ੀਰੋ ਟਾੱਲਰੈਸ ਦੀ ਨੀਤੀ ‘ਤੇ ਚੱਲਣ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਵਿਜੀਲੈਂਸ ਬਿਊਰੋ ਵੱਲੋਂ ਹਾਈਕੋਰਟ ਵਿੱਚ ਦਾਇਰ ਸਟੇਟਸ ਰਿਪੋਰਟ ਹੁਣ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਸਵਾਲ ਇਹ ਵੀ ਖੜੇ ਹੋਣਗੇ ਕੇ ਇਸ ਵੱਡੇ ਘਪਲੇ ਦੇ ਦੋਸ਼ਾਂ ਸਬੰਧੀ ਆਮ ਆਦਮੀ ਪਾਰਟੀ ਵਿਰੋਧੀ ਦੇ ਵਿੱਚ ਹੁੰਦੇ ਹੋਏ ਠੀਕ ਸੀ ਜਾਂ ਹੁਣ ਠੀਕ ਹੈ।
ਫੋਟੋ ਕੈਪਸ਼ਨ- ਸੰਬੰਧਿਤ ਆਈਏਐਸ ਅਧਿਕਾਰੀਆਂ ਦੀ ਤਸਵੀਰ