-ਇਮਿਊਨਾਈਜ਼ੇਸ਼ਨ ਅਤੇ ANC ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ-ਰਜਨੀ ਰਾਣੀ
ਬਰਨਾਲਾ,12 ( ਨਿਰਮਲ ਸਿੰਘ ਪੰਡੋਰੀ)-
ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਅਤੇ ਕੰਮ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵੱਲੋਂ ਆਨਲਾਈਨ ਕੰਮ ਦੇ ਬਾਈਕਾਟ ਦਾ ਫੈਸਲਾ ਜਾਰੀ ਹੈ। ਇਹ ਬਾਈਕਾਟ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਸਾਡੀਆਂ ਮੰਗਾਂ ਦੇ ਸੰਬੰਧ ਵਿੱਚ ਕੋਈ ਠੋਸ ਅਤੇ ਸੰਤੋਸ਼ਜਨਕ ਫੈਸਲਾ ਨਹੀਂ ਲਿਆ ਜਾਂਦਾ। ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਦੀ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਰਜਨੀ ਰਾਣੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਹੈ ਪ੍ਰੰਤੂ ਸਰਕਾਰ ਅਤੇ ਸਿਹਤ ਵਿਭਾਗ ਨੇ ਯੂਨੀਅਨ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ ਜਿਸ ਕਾਰਨ ਸਰਕਾਰ ਨੂੰ ਇੱਕ ਚਿਤਾਵਨੀ ਵਜੋਂ ਯੂ ਵਿਨ ਪੋਰਟਲ ‘ਤੇ ਆਨਲਾਈਨ ਡਾਟਾ ਐਂਟਰੀ ਦੇ ਕੰਮ ਦਾ ਬਾਈਕਾਟ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿਉਂਕਿ ਆਨਲਾਈਨ ਕੰਮ ਲਈ ਕਰਮਚਾਰੀਆਂ ਨੂੰ ਨਾ ਤਾਂ ਕੋਈ ਵੱਖਰਾ ਇਨਸੈਂਟਿਵ ਜਾਂ ਮਾਣਭੱਤਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਸਰਕਾਰ ਵੱਲੋਂ ਸਮਾਰਟ ਮੋਬਾਈਲ ਫੋਨ, ਇੰਟਰਨੈਟ ਜਾਂ ਹੋਰ ਲੋੜੀਂਦੇ ਡਿਜੀਟਲ ਸਾਧਨ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਰਮਚਾਰੀਆਂ ਤੋਂ ਨਿੱਜੀ ਡਿਜੀਟਲ ਸਾਧਨਾਂ ਨਾਲ ਵਾਧੂ ਕੰਮ ਕਰਵਾਇਆ ਜਾ ਰਿਹਾ ਜੋ ਸਰਾਸਰ ਧੱਕੇਸ਼ਾਹੀ ਹੈ। ਰਜਨੀ ਰਾਣੀ ਨੇ ਕਿਹਾ ਕਿ ਭਾਵੇਂ ਕਿ ਜਥੇਬੰਦੀ ਵੱਲੋਂ ਆਨਲਾਈਨ ਕੰਮ ਦਾ ਬਾਈਕਾਟ ਕੀਤਾ ਗਿਆ ਹੈ ਪ੍ਰੰਤੂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਪੰਜਾਬ ‘ਚ ਟੀਕਾਕਰਨ ਸੈਸ਼ਨ ਨਿਯਮਿਤ ਤੌਰ ‘ਤੇ ਲਗਾਏ ਗਏ ਅਤੇ ਸਾਰੇ ਯੋਗ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਨੂੰ 100 ਫੀਸਦੀ ਟੀਕਾਕਰਨ ਸੇਵਾਵਾਂ ਮੁਹੱਈਆਂ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਹਮੇਸ਼ਾ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਪਹਿਲ ਦਿੰਦੀ ਆਈ ਹੈ ਅਤੇ ਭਵਿੱਖ ‘ਚ ਵੀ ਟੀਕਾਕਰਨ ਦੀਆਂ ਇਹ ਸੇਵਾਵਾਂ ਜਾਰੀ ਰਹਿਣਗੀਆਂ। ਉਹਨਾਂ ਕਿਹਾ ਕਿ ਜਥੇਬੰਦੀ ਦਾ ਸੰਘਰਸ਼ ਕਿਸੇ ਵੀ ਤਰ੍ਹਾਂ ਲੋਕਾਂ ਦੇ ਵਿਰੁੱਧ ਨਹੀਂ ਸਗੋਂ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਸਰਕਾਰ ਨੂੰ ਜਗਾਉਣ ਖਾਤਰ ਫਿਲਹਾਲ ਆਨਲਾਈਨ ਕੰਮ ਦਾ ਬਾਈਕਾਟ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਨੂੰ ਆਪਣਾ ਅੜੀਅਲ ਰਵੱਈਆ ਛੱਡਦੇ ਹੋਏ ਮਲਟੀਪਰਪਜ਼ ਦੇ ਹੈਲਥ ਵਰਕਰ ਫੀਮੇਲ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਕਰਮਚਾਰੀ ਹੋਰ ਵੀ ਪ੍ਰਭਾਵ ਸਾਰੇ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾ ਸਕਣ। ਉਹਨਾਂ ਸਪੱਸ਼ਟ ਕੀਤਾ ਕਿ ਜਥੇਬੰਦੀ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ ਜਿਸ ਦੌਰਾਨ ਆਨਲਾਈਨ ਡਾਟਾ ਐਂਟਰੀ ਦਾ ਬਾਈਕਾਟ ਜਾਰੀ ਰੱਖਿਆ ਜਾਵੇਗਾ।
ਫੋਟੋ ਕੈਪਸ਼ਨ- ਬਰਨਾਲਾ ਦੇ ਇੱਕ ਸਿਹਤ ਸਬ ਸੈਂਟਰ ‘ਚ ਬੱਚਿਆਂ ਦੇ ਟੀਕਾਕਰਨ ਦੀ ਤਸਵੀਰ