– ‘ਅਰਬਨ ਨਕਸਲ’ ਤੋਂ ਬਾਅਦ ਮੋਦੀ ਦਾ ਆਪਣੇ ਵਿਰੋਧੀਆਂ ਲਈ ਨਵਾਂ ਸ਼ਬਦ ‘ਦਿਮਾਗੀ ਨਕਸਲ’….!
ਚੰਡੀਗੜ੍ਹ, 16 ਅਗਸਤ, Gee98 news service-
-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 15 ਅਗਸਤ 2026 ਨੂੰ ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ‘ਤੇ ਝੰਡਾ ਲਹਿਰਾਇਆ। ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ‘ਚੋਂ ਲਾਲ ਕਿਲੇ ‘ਤੇ ਸਭ ਤੋਂ ਵੱਧ ਵਾਰ ਝੰਡਾ ਲਹਿਰਾਉਣ ਵਾਲੇ ਤੀਜੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ। ਲਾਲ ਕਿਲੇ ਦੀ ਫਸੀਲ ‘ਤੇ ਸਭ ਤੋਂ ਵੱਧ ਵਾਰ ਝੰਡਾ ਲਹਿਰਾਉਣ ਦਾ ਰਿਕਾਰਡ ਪੰਡਿਤ ਸ੍ਰੀ ਜਵਾਹਰਲਾਲ ਨਹਿਰੂ ਦੇ ਨਾਮ ਹੈ ਜਿਨਾਂ ਨੇ 17 ਵਾਰ ਝੰਡਾ ਲਹਿਰਾਇਆ, ਦੂਜੇ ਨੰਬਰ ‘ਤੇ ਸ੍ਰੀਮਤੀ ਇੰਦਰਾ ਗਾਂਧੀ ਨੇ 16 ਵਾਰ ਲਾਲ ਕਿਲੇ ਤੋਂ ਝੰਡਾ ਲਹਿਰਾਇਆ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਵਾਰ ਲਾਲ ਕਿਲੇ ਤੋਂ ਝੰਡਾ ਲਹਿਰਾਇਆ ਹੈ। ਇਸੇ ਤਰ੍ਹਾਂ ਸਰਦਾਰ ਮਨਮੋਹਨ ਸਿੰਘ ਨੇ 10 ਵਾਰ,ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ 6 ਵਾਰ ਅਤੇ ਸ੍ਰੀ ਰਾਜੀਵ ਗਾਂਧੀ ਅਤੇ ਸ੍ਰੀ ਪੀਵੀ ਨਰਸਿਮ੍ਹਾ ਰਾਓ ਨੇ 5-5 ਵਾਰ, ਸ੍ਰੀ ਲਾਲ ਬਹਾਦਰ ਸ਼ਾਸਤਰੀ ਅਤੇ ਸ੍ਰੀ ਮੋਰਾਰਜੀ ਦੇਸਾਈ ਨੇ 2-2 ਵਾਰ ਅਤੇ ਚੌਧਰੀ ਚਰਨ ਸਿੰਘ, ਸ੍ਰੀ ਐਚਡੀ ਦੇਵੇਗੌੜਾ ਅਤੇ ਸ੍ਰੀ ਵਿਸ਼ਵਨਾਥ ਪ੍ਰਤਾਪ ਸਿੰਘ ਨੇ 1-1 ਵਾਰ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਹੁੰਦੇ ਹੋਏ ਝੰਡਾ ਲਹਿਰਾਇਆ ਹੈ। ਜੇਕਰ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਹੁਣ ਤੱਕ ਔਸਤਨ 85 ਮਿੰਟ ਦਾ ਭਾਸ਼ਣ ਦਿੱਤਾ ਹੈ। ਸ਼੍ਰੀ ਮੋਦੀ ਨੇ 2014 ‘ਚ ਪਹਿਲੀ ਵਾਰ ਲਾਲ ਕਿਲੇ ਤੋਂ ਬਤੌਰ ਪ੍ਰਧਾਨ ਮੰਤਰੀ ਭਾਸ਼ਣ ਦਿੱਤਾ ਸੀ। ਸ੍ਰੀ ਮੋਦੀ ਦਾ ਸਭ ਤੋਂ ਲੰਮਾ ਭਾਸ਼ਣ 2025 ਵਿੱਚ 103 ਮਿੰਟ ਦਾ ਸੀ ਅਤੇ ਸਭ ਤੋਂ ਛੋਟਾ ਭਾਸ਼ਣ 2017 ਵਿੱਚ 56 ਮਿੰਟ ਦਾ ਸੀ। ਇਸੇ ਤਰ੍ਹਾਂ ਸ੍ਰੀ ਮੋਦੀ ਨੇ 2014 ‘ਚ 65 ਮਿੰਟ, 2015 ‘ਚ 88 ਮਿੰਟ, 2016 ‘ਚ 94 ਮਿੰਟ, 2017 ‘ਚ 56 ਮਿੰਟ, 2018 ‘ਚ 83 ਮਿੰਟ, 2019 ‘ਚ 92 ਮਿੰਟ, 2020 ‘ਚ 90 ਮਿੰਟ, 2021 ‘ਚ 88 ਮਿੰਟ, 2022 ‘ਚ 74 ਮਿੰਟ, 2023 ‘ਚ 90 ਮਿੰਟ, 2024 ‘ਚ 98 ਮਿੰਟ, 2025 ‘ਚ 103 ਮਿੰਟ ਅਤੇ 2026 ‘ਚ 75 ਮਿੰਟ ਦਾ ਭਾਸ਼ਣ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਭਾਸ਼ਣ ਵਿੱਚ ਅਕਸਰ ਆਪਣੇ ਵਿਰੋਧੀਆਂ ਲਈ ਨਵੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲਾਂ ਦੌਰਾਨ ਆਪਣੇ ਵਿਰੋਧੀਆਂ ਲਈ “ਅਰਬਨ ਨਕਸਲ” ਸ਼ਬਦ ਦੀ ਵਰਤੋਂ ਕੀਤੀ ਸੀ ਇਸੇ ਤਰ੍ਹਾਂ ਇਸ ਵਾਰ ਪ੍ਰਧਾਨ ਮੰਤਰੀ ਨੇ ਆਪਣੇ ਵਿਰੋਧੀਆਂ ਲਈ “ਦਿਮਾਗੀ ਨਕਸਲ” ਸ਼ਬਦ ਦੀ ਵਰਤੋਂ ਕੀਤੀ।”ਅਰਬਨ ਨਕਸਲ” ਸ਼ਬਦ ਦੀ ਤਰਾਂ ਪ੍ਰਧਾਨ ਮੰਤਰੀ ਵੱਲੋਂ ਵਰਤਿਆ ਗਿਆ ਇਹ ਨਵਾਂ ਸ਼ਬਦ “ਦਿਮਾਗੀ ਨਕਸਲ” ਵੀ ਵਿਵਾਦਾਂ ਵਿੱਚ ਰਹਿਣ ਦੇ ਆਸਾਰ ਹਨ ਤੇ ਇਸ ਨਾਲ ਦੇਸ਼ ਵਿਚ ਨਵੀਂ ਰਾਜਨੀਤਿਕ ਚਰਚਾ ਵੀ ਸ਼ੁਰੂ ਹੋਵੇਗੀ ਕਿਉਂਕਿ ਪ੍ਰਧਾਨ ਮੰਤਰੀ ਵੱਲੋਂ ਆਪਣੇ ਵਿਰੋਧੀਆਂ ਲਈ ਵਰਤੇ ਗਏ “ਦਿਮਾਗੀ ਨਕਸਲ” ਸ਼ਬਦ ਨੂੰ ਜੇਕਰ ਗਹੂ ਨਾਲ ਵਾਚਿਆ ਜਾਵੇ ਤਾਂ ਇਸ ਦੇ ਪਿੱਛੇ ਭਾਜਪਾ ਦੀ ਭਵਿੱਖ ਦੀ ਰਣਨੀਤੀ ਸਾਫ਼ ਝਲਕਦੀ ਹੈ।