Skip to main content

Gee 98News

…ਬਰਨਾਲਾ ਪੁਲਿਸ ਨੇ ਤਿੰਨ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰਕੇ ਪਾਣੀ ਵਾਲੀ ਟੈਂਕੀ ਤੋਂ ਉਤਾਰੀਆਂ ਤਿੰਨ ਕੁੜੀਆਂ…!

-ਕੁੜੀਆਂ ਵੱਲੋਂ ਦਿੱਤੀਆਂ ਦਰਖਾਸਤਾਂ ਦੇ ਅਧਾਰ ‘ਤੇ ਤਿੰਨ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ

ਬਰਨਾਲਾ, 19 ਅਗਸਤ ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੀ ਪਾਣੀ ਵਾਲੀ ਟੈਂਕੀ ‘ਤੇ ਅੱਜ ਸਵੇਰ ਤੋਂ ਚੜੀਆਂ ਤਿੰਨ ਕੁੜੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਹੇਠਾਂ ਉਤਾਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਾਣੀ ਵਾਲੀ ਟੈਂਕੀ ‘ਤੇ ਇਹ ਤਿੰਨ ਕੁੜੀਆਂ ਜਬਰ ਜਨਾਹ ਤੇ ਹੋਰ ਵੱਖ ਵੱਖ ਦੋਸ਼ਾਂ ਸਬੰਧੀ ਜ਼ਿਲਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਦਰਖਾਸਤਾਂ ‘ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਚੜੀਆਂ ਸਨ। ‌ਇਹਨਾਂ ਕੁੜੀਆਂ ਵੱਲੋਂ ਟੈਂਕੀ ‘ਤੇ ਚੜਨ ਤੋਂ ਬਾਅਦ ਪੱਤਰਕਾਰਾਂ ਨਾਲ ਮੋਬਾਈਲ ‘ਤੇ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਹਨ ਅਤੇ ਉਹਨਾਂ ਦੇ ਨਾਲ ਜਬਰ ਜਨਾਹ ਕਰਨ, ਕੁੱਟਮਾਰ ਕਰਨ ਅਤੇ ਧੋਖਾਧੜੀ ਕਰਨ ਵਾਲੇ ਵਿਅਕਤੀ ਵੀ ਵੱਖੋ ਵੱਖ ਪਿੰਡਾਂ ਨਾਲ ਸਬੰਧਿਤ ਹਨ ਜਿਨਾਂ ਦੇ ਖ਼ਿਲਾਫ਼ ਉਹਨਾਂ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਜੋ ਅੱਗੇ ਜਸਵਿੰਦਰ ਕੌਰ ਡੀਐਸਪੀ ਨੂੰ ਸੁਣਵਾਈ ਲਈ ਮਾਰਕ ਕੀਤੀਆਂ ਗਈਆਂ ਪ੍ਰੰਤੂ ਲੱਗਭੱਗ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਡੀਐਸਪੀ ਜਸਵਿੰਦਰ ਕੌਰ ਨੇ ਉਹਨਾਂ ਦੀਆਂ ਦਰਖਾਸਤਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਟੈਂਕੀ ‘ਤੇ ਬੈਠੀਆਂ ਕੁੜੀਆਂ ਨੇ ਦੱਸਿਆ ਕਿ ਇਸ ਦੌਰਾਨ ਉਹ ਪੁਲਿਸ ਦੇ ਹੋਰ ਅਧਿਕਾਰੀਆਂ ਨੂੰ ਵੀ ਮਿਲੀਆਂ ਪ੍ਰੰਤੂ ਉਹਨਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੋਈ ਜਿਸ ਤੋਂ ਰੋਸ ਵਿੱਚ ਉਹਨਾਂ ਨੇ ਪਾਣੀ ਵਾਲੀ ਟੈਂਕੀ ‘ਤੇ ਚੜਨ ਦਾ ਰਸਤਾ ਚੁਣਿਆ। ‌ ਬੁੱਧਵਾਰ ਸਵੇਰੇ ਜਦੋਂ ਇਹ ਕੁੜੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਟੈਂਕੀ ‘ਤੇ ਚੜ ਗਈਆਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਹਰਕਤ ਵਿੱਚ ਆਏ ਅਤੇ ਇਹਨਾਂ ਕੁੜੀਆਂ ਨੂੰ ਪਾਣੀ ਵਾਲੀ ਟੈਂਕੀ ਤੋਂ ਉਤਾਰਨ ਲਈ ਯਤਨ ਕਰਨ ਲੱਗੇ ਪ੍ਰੰਤੂ ਤਿੰਨਾਂ ਕੁੜੀਆਂ ਨੇ ਸਪੱਸ਼ਟ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਪਾਣੀ ਵਾਲੀ ਟੈਂਕੀ ਤੋਂ ਉਸ ਵੇਲੇ ਤੱਕ ਹੇਠਾਂ ਨਹੀਂ ਉਤਰਨੀਆਂ ਜਦੋਂ ਤੱਕ ਉਹਨਾਂ ਦੀਆਂ ਦਰਖਾਸਤਾਂ ਦੇ ਆਧਾਰ ‘ਤੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ। ਜਬਰ ਜਨਾਹ ਦੀਆਂ ਪੀੜ੍ਹਤ ਇਹਨਾਂ ਕੁੜੀਆਂ ਦੇ ਰੋਸ ਨੂੰ ਵੇਖਦੇ ਹੋਏ ਅਖੀਰ ਪੁਲਿਸ ਨੇ ਇਨਾਂ ਕੁੜੀਆਂ ਦੀਆਂ ਵੱਖ-ਵੱਖ ਦਰਖਾਸਤਾਂ ਦੇ ਆਧਾਰ ‘ਤੇ ਤਿੰਨ ਵੱਖ-ਵੱਖ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ਤੇ ਥਾਣਾ ਟੱਲੇਵਾਲ ਵਿਖੇ ਐਫਆਈਆਰ ਦਰਜ ਕੀਤੀਆਂ।
ਪੁਲਿਸ ਵੱਲੋਂ ਕੀਤੀ ਕਾਰਵਾਈ ਬਾਰੇ ਦੱਸਿਆ ਸੰਜੀਵ ਗੋਇਲ SP (D) ਨੇ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਾਣੀ ਵਾਲੀ ਟੈਂਕੀ ‘ਤੇ ਚੜੀਆਂ ਤਿੰਨਾਂ ਕੁੜੀਆਂ ਦੀਆਂ ਦਰਖਾਸਤਾਂ ਦੇ ਅਧਾਰ ‘ਤੇ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਨਵੇਂ ਆਏ ਐਸਪੀ ਡੀ ਸ੍ਰੀ ਸੰਜੀਵ ਗੋਇਲ ਨੇ ਦੱਸਿਆ ਕਿ ਤਿੰਨਾਂ ਕੁੜੀਆਂ ਦੀਆਂ ਦਰਖ਼ਾਸਤਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਵਿਖੇ ਪ੍ਰਦੀਪ ਕੁਮਾਰ ਬਰਨਾਲਾ ਦੇ ਖ਼ਿਲਾਫ਼ FIR ਨੰਬਰ 410 ਮਿਤੀ 19 ਅਗਸਤ 2026 ਦਰਜ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਥਾਣਾ ਟੱਲੇਵਾਲ ਵਿਖੇ ਤਲਵਿੰਦਰ ਸਿੰਘ ਸਹੌਲੀ ਦੇ ਖ਼ਿਲਾਫ਼ ਐਫਆਈਆਰ ਨੰਬਰ 0072 ਬੀਤੀ 19 ਅਗਸਤ 2026 ਅਤੇ ਇਕਬਾਲ ਸਿੰਘ ਰਾਏਕੋਟ ਦੇ ਖਿਲਾਫ ਐਫਆਈਆਰ ਨੰਬਰ 0073 ਵਿੱਤੀ 19 ਅਗਸਤ 2026 ਦਰਜ ਕੀਤੀਆਂ ਗਈਆਂ ਹਨ। ‌ ਉਹਨਾਂ ਦੱਸਿਆ ਕਿ ਪੀੜ੍ਹਤ ਕੁੜੀਆਂ ਦੇ ਮਾਨਯੋਗ ਜੱਜ ਸਾਹਿਬ ਦੇ ਅੱਗੇ ਬਿਆਨ ਦਰਜ ਕਰਵਾਏ ਜਾਣਗੇ ਅਤੇ ਉਹਨਾਂ ਦਾ ਮੈਡੀਕਲ ਕਰਵਾ ਕੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Gee98 Ads

error: Content is protected !!