Skip to main content

Gee 98News

ਆਹ ਸਾਡਾ ਕਾਨੂੰਨੀ ਸਿਸਟਮ ਆਂ…ਜਿਹਨੂੰ ਮ੍ਰਿਤਕ ਸਮਝ ਕੇ ਸਸਕਾਰ ਕਰ ਦਿੱਤਾ, ਉਹ ਜਿਉਂਦਾ ਹੈ…!

ਪਰਿਵਾਰ ਨੇ ਆਪਣੇ ਲਾਪਤਾ ਪੁੱਤਰ ਦੀ ਲਾਸ਼ ਸਮਝ ਕੇ ਕੀਤਾ ਸਸਕਾਰ ਪਰ….!

ਚੰਡੀਗੜ੍ਹ,5 ਸਤੰਬਰ, Gee98 News service-

-ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਸਿਰਫ਼ ਹੈਰਾਨ ਹੀ ਨਹੀਂ ਕਰਦੀ ਸਗੋਂ ਸਾਡੇ ਕਾਨੂੰਨੀ ਸਿਸਟਮ ਦੀਆਂ ਖ਼ਾਮੀਆਂ ਵੀ ਉਜਾਗਰ ਕਰਦੀ ਹੈ। ਖ਼ਬਰ ਮੁਤਾਬਿਕ ਇੱਕ ਪਰਿਵਾਰ ਨੇ ਇੱਕ ਨੌਜਵਾਨ ਦੀ ਲਾਸ਼ ਨੂੰ ਆਪਣੇ ਗੁੰਮਸ਼ੁਦਾ ਨੌਜਵਾਨ ਪੁੱਤਰ ਦੀ ਲਾਸ਼ ਸਮਝ ਕੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਅਤੇ ਭੋਗ ਵੀ ਪਾ ਦਿੱਤਾ ਪ੍ਰੰਤੂ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਪਰਿਵਾਰ ਦਾ ਪੁੱਤਰ ਤਾਂ ਜਿਉਂਦਾ ਹੈ ਅਤੇ ਉਹ ਇਸ ਵੇਲੇ ਕਪੂਰਥਲਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ, ਜਿਸ ਤੋਂ ਬਾਅਦ ਇਹ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਜਿਸ ਨੌਜਵਾਨ ਨੂੰ ਆਪਣਾ ਪੁੱਤਰ ਸਮਝ ਕੇ ਪਰਿਵਾਰ ਨੇ ਅੰਤਿਮ ਸਸਕਾਰ ਕਰ ਦਿੱਤਾ ਉਹ ਲਾਸ਼ ਅਸਲ ਵਿੱਚ ਕਿਸ ਦੀ ਸੀ।
-ਅਸਲ ਵਿੱਚ ਕੀ ਹੈ ਸਾਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਕਾਦੂਪੁਰ ਦੇ ਇੱਕ ਪਰਿਵਾਰ ਦਾ ਨੌਜਵਾਨ ਰਵੀ 5 ਅਗਸਤ ਨੂੰ ਅਚਾਨਕ ਲਾਪਤਾ ਹੋ ਗਿਆ ਜਿਸ ਦੀ ਪਰਿਵਾਰ ਨੇ ਇਧਰ ਉਧਰ ਭਾਲ ਕੀਤੀ ਪ੍ਰੰਤੂ ਜਦੋਂ ਨਾ ਮਿਲਿਆ ਤਾਂ ਉਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ‌ 9 ਅਗਸਤ ਨੂੰ ਪੁਲਿਸ ਨੂੰ ਇੱਕ ਨੌਜਵਾਨ ਦੀ ਲਾਵਾਰਸ ਲਾਸ਼ ਮਿਲੀ ਜਿਸ ਦੀ ਪਹਿਚਾਣ ਲਈ ਪੁਲਿਸ ਨੇ ਰਵੀ ਦੇ ਪਰਿਵਾਰ ਨੂੰ ਬੁਲਾਇਆ ਤਾਂ ਰਵੀ ਦੇ ਪਰਿਵਾਰਕ ਮੈਂਬਰਾਂ ਨੇ ਕੱਪੜਿਆਂ ਦੇ ਅਧਾਰ ‘ਤੇ ਲਾਸ਼ ਦੀ ਪਹਿਚਾਣ ਆਪਣੇ ਲਾਪਤਾ ਪੁੱਤਰ ਰਵੀ ਦੇ ਰੂਪ ‘ਚ ਕੀਤੀ ਕਿਉਂਕਿ ਲਾਸ਼ ਦਾ ਚਿਹਰਾ ਪਹਿਚਾਨਣ ਯੋਗ ਨਹੀਂ ਰਿਹਾ ਸੀ, ਇਸ ਲਈ ਕੱਪੜਿਆਂ ਦੇ ਅਧਾਰ ‘ਤੇ ਹੀ ਰਵੀ ਦੇ ਪਰਿਵਾਰ ਨੇ ਲਾਸ਼ ਦੀ ਪਹਿਚਾਣ ਆਪਣੇ ਪੁੱਤਰ ਦੇ ਰੂਪ ‘ਚ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਰਵੀ ਦੇ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਉਹਨਾਂ ਨੇ ਅੰਤਿਮ ਸਸਕਾਰ ਕਰ ਦਿੱਤਾ।
-ਰਵੀ ਦੇ ਜਿਉਂਦਾ ਹੋਣ ਦਾ ਖੁਲਾਸਾ ਕਿਵੇਂ ਹੋਇਆ
ਅੰਤਿਮ ਸਸਕਾਰ ਅਤੇ ਭੋਗ ਦੀਆਂ ਰਸਮਾਂ ਤੋਂ ਬਾਅਦ ਇੱਕ ਦਿਨ ਪਰਿਵਾਰ ਨੂੰ ਕਪੂਰਥਲਾ ਸੈਂਟਰਲ ਜੇਲ੍ਹ ਚੋਂ ਜੇਲ੍ਹ ਕਰਮਚਾਰੀ ਦਾ ਫੋਨ ਆਇਆ ਕਿ ਉਹਨਾਂ ਦਾ ਬੇਟਾ ਰਵੀ ਜੇਲ੍ਹ ‘ਚ ਬੰਦ ਹੈ ਅਤੇ ਉਹ ਪਰਿਵਾਰ ਨੂੰ ਮਿਲਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਪਰਿਵਾਰ ਵਾਲੇ ਜੇਲ੍ਹ ਵਿੱਚ ਰਵੀ ਨੂੰ ਮਿਲੇ ਤਾਂ ਉਸਨੂੰ ਜ਼ਿੰਦਾ ਦੇ ਕੇ ਹੈਰਾਨ ਹੋ ਗਏ। ਦਰਅਸਲ 5 ਅਗਸਤ ਨੂੰ ਰਵੀ ਘਰੋਂ ਬਾਹਰ ਨਿਕਲਿਆ ਤਾਂ ਜਲੰਧਰ ਪੁਲਿਸ ਨੇ ਉਸਨੂੰ ਅਵਾਰਾਗਰਦੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ‌ ਪੁਲਿਸ ਕੋਲ ਉਸ ਦੀ ਗ੍ਰਿਫ਼ਤਾਰੀ ਅਤੇ ਜੇਲ੍ਹ ਭੇਜਣ ਸਬੰਧੀ ਸਾਰਾ ਰਿਕਾਰਡ ਮੌਜੂਦ ਹੈ। ਡੀਐਸਪੀ ਸ਼ੀਤਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਕਿ ਸਿਰਫ਼ ਕੱਪੜਿਆਂ ਦੀ ਪਹਿਚਾਣ ਦੇ ਅਧਾਰ ‘ਤੇ ਲਾਸ਼ ਪਰਿਵਾਰ ਨੂੰ ਕਿਵੇਂ ਸੌਂਪ ਦਿੱਤੀ ਗਈ।‌ ਉਹਨਾਂ ਕਿਹਾ ਕਿ ਜੇਕਰ ਲਾਸ਼ ਦਾ ਚਿਹਰਾ ਪਹਿਚਾਣਯੋਗ ਨਹੀਂ ਸੀ ਤਾਂ ਹੋਰ ਤਰੀਕਿਆਂ ਨਾਲ ਵੀ ਲਾਸ਼ ਦੀ ਪੁਸ਼ਟੀ ਕਰਨੀ ਬਣਦੀ ਸੀ ਉਹਨਾਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਨੇ ਕਿਹਾ ਕਿ ਪੁਲਿਸ ਇਹ ਜਾਂਚ ਵੀ ਕਰ ਰਹੀ ਹੈ ਕਿ ਜਿਹੜੇ ਨੌਜਵਾਨ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਉਹ ਅਸਲ ਵਿੱਚ ਕੌਣ ਸੀ। ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਖੜੇ ਹੁੰਦੇ ਹਨ ਕਿ ਜਦੋਂ ਜਲੰਧਰ ਪੁਲਿਸ ਨੇ ਰਵੀ ਦੀ ਗ੍ਰਿਫ਼ਤਾਰੀ ਪਾ ਕੇ ਉਸਨੂੰ ਜੇਲ੍ਹ ਭੇਜਿਆ ਤਾਂ ਜਲੰਧਰ ਪੁਲਿਸ ਵੱਲੋਂ ਰਵੀ ਦੇ ਪਰਿਵਾਰ ਜਾਂ ਉਸ ਦੇ ਸਥਾਨਕ ਥਾਣੇ ਦੀ ਪੁਲਿਸ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ, ਜਦੋਂ ਕਿ ਪਰਿਵਾਰ ਉਸਨੂੰ 5 ਅਗਸਤ ਤੋਂ ਲੈ ਕੇ 9 ਅਗਸਤ ਤੱਕ ਲਗਾਤਾਰ ਲੱਭ ਰਿਹਾ ਸੀ ਅਤੇ ਇਸ ਦੀ ਸੂਚਨਾ ਪੁਲਿਸ ਕੋਲ ਵੀ ਦਰਜ ਸੀ।

error: Content is protected !!