Skip to main content

Gee 98News

ਪੰਜਾਬ ਦੇ ਸਿੱਖਿਆ ਮੰਤਰੀ “ਇੱਕੋ ਸਮੇਂ” ਕੈਨੇਡਾ ਤੇ ਪੰਜਾਬ ‘ਚ ਪ੍ਰਗਟ ਹੋਏ… ਮਾਮਲਾ ਹਾਈਕੋਰਟ ਪੁੱਜਿਆ

ਪਟੀਸ਼ਨਕਰਤਾ ਨੇ ਕਿਹਾ….ਮੰਤਰੀ ਜੀ ਇਕੋ ਸਮੇਂ ਦੋ ਥਾਵਾਂ ‘ਤੇ ਕਿਵੇਂ ਪੁੱਜੇ

ਚੰਡੀਗੜ੍ਹ,11 ਸਤੰਬਰ, Gee98 News service-

-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇੱਕ ਕਾਨੂੰਨੀ ਉਲਝਣ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸਿੱਖਿਆ ਮੰਤਰੀ ਦੇ 2024 ‘ਚ ਕੀਤੇ ਕੈਨੇਡਾ ਦੌਰੇ ਸਬੰਧੀ ਇੱਕ ਜਨਹਿਤ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਹੈ ਜਿਸ ਵਿੱਚ ਸਿੱਖਿਆ ਮੰਤਰੀ ਦੀ ਵਿਦੇਸ਼ ਯਾਤਰਾ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣ ਅਤੇ ਪੰਜਾਬ ਸਰਕਾਰ ਵੱਲੋਂ ਯਾਤਰਾ ਭੱਤਿਆਂ ਦਾ ਭੁਗਤਾਨ ਕੀਤੇ ਜਾਣ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਜਲੰਧਰ ਦੇ ਰਹਿਣ ਵਾਲੇ ਕਰਨਪ੍ਰੀਤ ਸਿੰਘ ਨੇ ਦੋਸ਼ ਲਗਾਏ ਹਨ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 17 ਤੋਂ 20 ਜਨਵਰੀ 2024 ਤੱਕ ਕੈਨੇਡਾ ਦੇ ਨਿਜੀ ਦੌਰੇ ‘ਤੇ ਸਨ ਪਰੰਤੂ ਦੂਜੇ ਪਾਸੇ ਇਹਨਾਂ ਦਿਨਾਂ ਦੌਰਾਨ ਹੀ ਸਿੱਖਿਆ ਮੰਤਰੀ ਬੈਂਸ ਨੇ ਪੰਜਾਬ ਦੇ ਖਜ਼ਾਨੇ ਵਿੱਚੋਂ ਪੰਜਾਬ ਦੇ ਕੁਝ ਖੇਤਰਾਂ ‘ਚ ਕੀਤੇ ਗਏ ਨਿੱਜੀ ਦੌਰੇ ਦੇ ਭੱਤੇ ਵੀ ਪ੍ਰਾਪਤ ਕੀਤੇ ਹਨ ਜੋ ਪੰਜਾਬ ਦੇ ਸਰਕਾਰੀ ਰਿਕਾਰਡ ‘ਤੇ ਹਨ। ਪਟੀਸ਼ਨਕਰਤਾ ਨੇ ਸਵਾਲ ਉਠਾਏ ਕਿ ਇੱਕ ਵਿਅਕਤੀ ਇੱਕੋ ਸਮੇਂ ਭਾਰਤ ਅਤੇ ਵਿਦੇਸ਼ ਵਿੱਚ ਕਿਵੇਂ ਹੋ ਸਕਦਾ ਹੈ। ‌ ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਸਿੱਖਿਆ ਮੰਤਰੀ ਬੈਂਸ ਨੇ ਇਹਨਾਂ ਦਿਨਾਂ ਦੌਰਾਨ ਹੀ ਪੰਜਾਬ ਸਰਕਾਰ ਤੋਂ ਆਪਣੀ ਹਵਾਈ ਟਿਕਟ ਦੇ ਲੱਗਭੱਗ 3 ਲੱਖ ਰੁਪਏ ਵਸੂਲ ਕੀਤੇ ਹਨ। ‌ਪਟੀਸ਼ਨਕਰਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਵਿਦੇਸ਼ ਫੇਰੀ ਲਈ ਕੇਂਦਰ ਸਰਕਾਰ ਤੋਂ ਕੋਈ ਮਨਜ਼ੂਰੀ ਨਹੀਂ ਲਈ ਸੀ। ਜ਼ਿਕਰਯੋਗ ਹੈ ਕਿ ਵਿਦੇਸ਼ ਯਾਤਰਾ ਤੋਂ ਪਹਿਲਾਂ ਰਾਜ ਦੇ ਕਿਸੇ ਵੀ ਮੰਤਰੀ ਨੂੰ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਲੋੜੀਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈਣੀ ਜ਼ਰੂਰੀ ਹੈ। ‌ਪਟੀਸ਼ਨਕਰਤਾ ਨੇ ਸਿੱਖਿਆ ਮੰਤਰੀ ਬੈਂਸ ਦੀ ਵਿਦੇਸ਼ ਯਾਤਰਾ ਨਾਲ ਸਬੰਧਿਤ ਮਨਜ਼ੂਰੀ ਅਤੇ ਹੋਰ ਦਸਤਾਵੇਜਾਂ ਦੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਹੈ।‌‌ ਪਟੀਸ਼ਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜੇ ਸਮੇਂ ਦੌਰਾਨ ਆਪਣੇ ਕੈਨੇਡਾ ਵਿੱਚ ਰਹਿਣ ਦੇ ਦਸਤਾਵੇਜ਼ ਪੇਸ਼ ਕਰਕੇ ਪੰਜਾਬ ਸਰਕਾਰ ਤੋਂ ਯਾਤਰਾ ਭੱਤਾ ਪ੍ਰਾਪਤ ਕੀਤਾ ਉਹ ਉਸੇ ਸਮੇਂ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਸਰਕਾਰੀ ਰਿਕਾਰਡ ਮੁਤਾਬਕ ਕਰ ਰਹੇ ਹਨ ਤੇ ਇਹਨਾਂ ਲਈ ਵੀ ਸਿੱਖਿਆ ਮੰਤਰੀ ਨੇ ਭੱਤੇ ਪ੍ਰਾਪਤ ਕੀਤੇ ਹਨ। ‌ ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਸਰਕਾਰੀ ਰਿਕਾਰਡ ਸਿੱਖਿਆ ਮੰਤਰੀ ਬੈਂਸ ਦੀ 17 ਤੋਂ 20 ਜਨਵਰੀ 2024 ਦੇ ਦਰਮਿਆਨ ਚੰਡੀਗੜ੍ਹ, ਰੋਪੜ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਅਤੇ ਦਿੱਲੀ ਵਿੱਚ ਮੌਜੂਦਗੀ ਨੂੰ ਦਰਸਾਉਂਦੇ ਹਨ ਪਰੰਤੂ ਦੂਜੇ ਪਾਸੇ ਇਹਨਾਂ ਦਿਨਾਂ ਦੌਰਾਨ ਹੀ ਮੰਤਰੀ ਜੀ ਕੈਨੇਡਾ ਵਿੱਚ ਹੋਣ ਦੇ ਦਸਤਾਵੇਜ਼ ਪੇਸ਼ ਕਰ ਰਹੇ ਹਨ। ਇਸੇ ਆਧਾਰ ‘ਤੇ ਪਟੀਸ਼ਨਕਰਤਾ ਨੇ ਸਵਾਲ ਉਠਾਇਆ ਕਿ ਜੇਕਰ ਮੰਤਰੀ ਜੀ ਉਸ ਸਮੇਂ ਕੈਨੇਡਾ ਵਿੱਚ ਸਨ ਤਾਂ ਉਸੇ ਦਿਨਾਂ ਦੌਰਾਨ ਹੀ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਖੇਤਰਾਂ ਦੇ ਦੌਰੇ ਅਤੇ ਉੱਥੇ ਮੌਜੂਦਗੀ ਨਾਲ ਸੰਬੰਧਿਤ ਰਿਕਾਰਡ ਕਿਵੇਂ ਬਣਿਆ। ਪਟੀਸ਼ਨ ਕਰਤਾ ਕਰਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਸਬੰਧੀ ਪਹਿਲਾਂ 9 ਮਾਰਚ 2025 ਨੂੰ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤ ਕੀਤੀ ਸੀ ਪ੍ਰੰਤੂ ਉੱਥੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਉਠਾਇਆ ਹੈ।

error: Content is protected !!