Skip to main content

Gee 98News

ਸੰਜੀਵ ਸ਼ੋਰੀ ਨੇ ਮੀਤ ਹੇਅਰ ਦਾ ਚੈਲਿੰਜ ਕਬੂਲਿਆ…ਬਰਨਾਲੇ ਦੀ ਸਿਆਸੀ ਪਿੱਚ ‘ਤੇ ਦਿਲਚਸਪ ਸਿਆਸੀ ਮੈਚ ਸ਼ੁਰੂ….!

ਬਰਨਾਲਾ, 2 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-

-ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਦਾ ਰਸਮੀ ਤੌਰ ‘ਤੇ ਐਲਾਨ ਹੋਣ ਤੋਂ ਪਹਿਲਾਂ ਹੀ ਬਰਨਾਲਾ ‘ਚ ਸਿਆਸੀ ਪਾਰਟੀਆਂ ਦੇ ਚੋਣ ਲੜਨ ਦੇ ਚਾਹਵਾਨ ਆਗੂਆਂ ਦੀਆਂ ਸਰਗਰਮੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ। ਬਰਨਾਲਾ ‘ਚ ਇੱਕ ਦੂਜੇ ‘ਤੇ ਦੂਸ਼ਣਬਾਜੀ ਤੇ ਇੱਕ ਦੂਜੇ ਨੂੰ ਸਿਆਸੀ ਪਲੇਟਫਾਰਮ ‘ਤੇ ਚੈਲਿੰਜ ਕਰਨ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਪ ਵੱਲੋਂ ਮਜ਼ਬੂਤ ਦਾਅਵੇਦਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ‘ਚ ਪਹਿਲਾਂ ਸੱਤਾ ‘ਤੇ ਕਾਬਜ਼ ਰਹੀਆਂ ਪਾਰਟੀਆਂ ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੇ ਬਰਨਾਲਾ ਨਾਲ ਸੰਬੰਧਿਤ ਚੋਣ ਲੜਨ ਦੇ ਚਾਹਵਾਨ ਆਗੂਆਂ ਨੂੰ ਚੈਲੇੰਜ ਦਿੱਤਾ ਹੈ “ਉਹ ਸਿੱਧ ਕਰਨ ਕਿ ਉਹਨਾਂ ਦੀਆਂ ਸਰਕਾਰਾਂ ਸਮੇਂ ਸ਼ਹਿਰ ਅਤੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਆਪ ਦੀ ਸਰਕਾਰ ਨਾਲੋਂ ਵੱਧ ਗਰਾਂਟਾਂ ਦਿੱਤੀਆਂ ਗਈਆਂ ਸਨ”। ਮੀਤ ਹੇਅਰ ਨੇ ਕਿਹਾ ਕਿ ਉਹ ਆਪ ਸਰਕਾਰ ਦੇ ਸਮੇਂ ਦੌਰਾਨ ਦਿੱਤੀਆਂ ਗਰਾਂਟਾਂ ਦਾ ਫਲੈਕਸ ਬੋਰਡ ਲਗਾ ਕੇ ਖੁਦ ਇਹ ਸਿੱਧ ਕਰਨਗੇ ਕਿ ਜਿੰਨੀਆਂ ਗ੍ਰਾਂਟਾਂ ਆਪ ਸਰਕਾਰ ਸਮੇਂ ਆਈਆਂ,ਪਹਿਲਾਂ ਕਦੇ ਵੀ ਨਹੀਂ ਦਿੱਤੀਆਂ ਗਈਆਂ। ਮੀਤ ਹੇਅਰ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਉਹਨਾਂ ਦੁਆਰਾ ਲੱਗੇ ਬੋਰਡ ਪਾੜਨ ਦੀ ਬਜਾਏ ਆਪਣੀਆਂ ਸਰਕਾਰਾਂ ਸਮੇਂ ਦਿੱਤੀਆਂ ਗਰਾਂਟਾਂ ਦੇ ਬੋਰਡ ਲਵਾਉਣ ਲਈ ਚੈਲਿੰਜ ਵੀ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਮੀਤ ਹੇਅਰ ਨੇ ਇਹ ਵੱਡਾ ਚੈਲਿੰਜ ਵੀ ਕਰ ਦਿੱਤਾ ਕਿ ਜੇਕਰ ਵਿਰੋਧੀ ਪਾਰਟੀਆਂ ਇਹ ਸਿੱਧ ਕਰ ਦੇਣ ਕਿ ਉਹਨਾਂ ਦੀਆਂ ਸਰਕਾਰਾਂ ਸਮੇਂ ਵੱਧ ਗ੍ਰਾਂਟਾਂ ਆਈਆਂ ਜਾਂ ਵੱਧ ਕੰਮ ਹੋਏ ਤਾਂ ਉਹ ਪਿੰਡਾਂ ‘ਚ ਵੋਟਾਂ ਮੰਗਣ ਨਹੀਂ ਜਾਣਗੇ। ‌ ਦੂਜੇ ਪਾਸੇ ਮੀਤ ਹੇਅਰ ਦੇ ਇਸ ਚੈਲਿੰਜ ਨੂੰ ਕਬੂਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਅਤੇ ਨਗਰ ਕੌਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਕਿਹਾ ਕਿ “ਹੁਣ ਬਰਨਾਲੇ ਦੀ ਸਿਆਸੀ ਪਿੱਚ ‘ਤੇ ਸਿਆਸੀ ਮੈਚ ਖੇਡਣ ਦਾ ਨਜ਼ਾਰਾ ਆਵੇਗਾ”। ਸੰਜੀਵ ਸ਼ੋਰੀ ਨੇ ਕਿਹਾ ਕਿ ਵੈਸੇ ਤਾਂ ਅਕਾਲੀ ਭਾਜਪਾ ਸਰਕਾਰ ਦੌਰਾਨ ਬਰਨਾਲਾ ਜ਼ਿਲ੍ਹੇ ‘ਚ ਹੋਏ ਵਿਕਾਸ ਕੰਮਾਂ ਸਬੰਧੀ ਅਤੇ ਅਰਬਾਂ ਰੁਪਏ ਦੇ ਪ੍ਰੋਜੈਕਟਾਂ ਸਬੰਧੀ ਬਰਨਾਲਾ ਦੇ ਲੋਕ ਜਾਣਦੇ ਹਨ ਅਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਇਬਾਰਤ ਬਰਨਾਲਾ ‘ਚ ਲੋਕਾਂ ਦੇ ਮਨਾਂ ਦੀਆਂ ਕੰਧਾਂ ‘ਤੇ ਲਿਖੀ ਹੋਈ ਹੈ। ਪ੍ਰੰਤੂ ਉਹ ਫਿਰ ਵੀ ਮੀਤ ਹੇਅਰ ਦਾ ਚੈਲਿੰਜ ਕਬੂਲ ਕਰਦੇ ਹਨ ਅਤੇ ਆਉਣ ਵਾਲੇ ਸਮੇਂ ‘ਚ ਅਕਾਲੀ ਭਾਜਪਾ ਸਰਕਾਰ ਸਮੇਂ ਕੀਤੇ ਗਏ ਵਿਕਾਸ ਕੰਮਾਂ ਅਤੇ ਲਿਆਂਦੇ ਵੱਡੇ ਪ੍ਰੋਜੈਕਟਾਂ ਦਾ ਵੇਰਵਾ ਲੋਕਾਂ ਦੀ ਕਚਹਿਰੀ ਵਿੱਚ ਰੱਖ ਕੇ ਮੀਤ ਹੇਅਰ ਦੇ ਝੂਠ ਨੂੰ ਬੇਨਕਾਬ ਕਰਨਗੇ। ਸ਼ੋਰੀ ਨੇ ਸਿਆਸੀ ਤੰਜ਼ ਕਸਦੇ ਹੋਏ ਕਿਹਾ ਕਿ ਜਿਹੜੇ ਲੋਕ ਅਕਾਲੀ ਭਾਜਪਾ ਤੇ ਕੈਪਟਨ ਸਰਕਾਰ ਮੌਕੇ ਪਿੰਡਾਂ ‘ਚ ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਦਿੱਤੀਆਂ ਗਰਾਂਟਾਂ ‘ਤੇ ਪੁੱਠੀਆਂ ਟਿੱਪਣੀਆਂ ਕਰਦੇ ਸਨ ਹੁਣ ਸਰਕਾਰੀ ਖਜ਼ਾਨੇ ‘ਚੋਂ ਦਿੱਤੀਆਂ ਗਰਾਂਟਾਂ ‘ਤੇ ਅਹਿਸਾਨ ਜਤਾਉਂਦੇ ਹਨ। ਉਹਨਾਂ ਕਿਹਾ ਕਿ ਮੀਤ ਹੇਅਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਗਰਾਂਟਾਂ ਕਿਸੇ ਵੀ ਆਗੂ ਨੇ ਆਪਣੀ ਜੇਬ ‘ਚੋਂ ਨਹੀਂ ਦਿੱਤੀਆਂ ਸਗੋਂ ਇਹ ਲੋਕਾਂ ਦੇ ਟੈਕਸਾਂ ਦਾ ਪੈਸਾ ਲੋਕਾਂ ਦੀ ਸਹੂਲਤ ਲਈ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾ ਰਿਹਾ ਹੈ। ਸੰਜੀਵ ਸ਼ੋਰੀ ਨੇ ਮੀਤ ਹੇਅਰ ਨੂੰ ਇਹ ਚੈਲਿੰਜ ਵੀ ਕੀਤਾ ਕਿ ਉਹ ਗਰਾਂਟਾਂ ਦੇ ਬੋਰਡ ਲਗਾਉਣ ਦੇ ਨਾਲ ਨਾਲ 2017 ਤੋਂ ਲੈ ਕੇ ਆਪਣੀ ਨਾਮੀ ਅਤੇ ਬੇਨਾਮੀ ਜਾਇਦਾਦ ਦੇ ਵੇਰਵੇ ਦੇ ਬੋਰਡ ਵੀ ਕੰਧਾਂ ਉੱਪਰ ਲਗਾਉਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ “ਆਮ ਆਦਮੀ ਹੋਣ ਕਿੰਨੇ ਕੁ ਖਾਸ” ਬਣ ਚੁੱਕੇ ਹਨ।

error: Content is protected !!