– ਅਸਲ ਵਿੱਚ ਔਰਤ ਨਿਕਲੀ ਤਲਾਕਸ਼ੁਦਾ ਅਤੇ 18 ਸਾਲ ਦੇ ਬੱਚੇ ਦੀ ਮਾਂ
ਚੰਡੀਗੜ੍ਹ, 6 ਅਕਤੂਬਰ, Gee98 News service-
-ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ “ਆਪ” ਦੇ ਕਈ ਵੱਡੇ ਆਗੂਆਂ ਦੇ ਵਿਆਹ ਚਰਚਾ ਵਿੱਚ ਰਹੇ ਹਨ। ਪੰਜਾਬ ‘ਚ ਆਪ ਦੇ ਕਈ ਵੱਡੇ ਆਗੂ ਹਨ ਜਿਨਾਂ ਨੇ ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਪੂਰੀ ਸ਼ਾਨੋ ਸ਼ੌਕਤ ਨਾਲ ਵਿਆਹ ਕਰਵਾਇਆ। ਹੁਣ ਇੱਕ ਅਜਿਹਾ ਤਾਜ਼ਾ ਸਾਹਮਣੇ ਆਇਆ ਜਿੱਥੇ ਵਿਆਹ ਦੇ ਨਾਂ ‘ਤੇ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਨਾਲ ਜੱਗੋਤੇਰਵੀਂ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਇੱਕ ਔਰਤ ਨੇ ਫਰਜ਼ੀ PCS ਅਫਸਰ ਬਣ ਕੇ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਦੇ ਜੁਆਇੰਟ ਸੈਕਰੇਟਰੀ, ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਸਰਹਿੰਦ ਚੇਅਰਮੈਨ ਅਮਰਿੰਦਰ ਸਿੰਘ ਨਾਲ ਸ਼ਾਦੀ ਕਰ ਲਈ। ਇਸ ਮਹਿਲਾ ਨਾਲ ਆਪ ਆਗੂ ਅਮਰਿੰਦਰ ਸਿੰਘ ਦਾ ਵਿਆਹ ਤੈਅ ਹੋਣ ਸਮੇਂ ਮਹਿਲਾਂ ਨੇ ਆਪਣੇ ਆਪ ਨੂੰ ਪੀਸੀਐਸ ਅਧਿਕਾਰੀ ਦੱਸਿਆ, ਇਥੋਂ ਤੱਕ ਕਿ ਆਪਣੀ ਘੱਟ ਉਮਰ ਦਿਖਾਉਣ ਲਈ ਆਪਣੇ ਦਸਤਾਵੇਜ਼ਾਂ ‘ਚ ਛੇੜਛਾੜ ਵੀ ਕੀਤੀ ਪ੍ਰੰਤੂ ਜਦੋਂ ਮਹਿਲਾ ਦੀ ਅਸਲ ਸੱਚਾਈ ਦਾ ਭਾਂਡਾ ਫੁੱਟਿਆ ਤਾਂ ਪਤਾ ਲੱਗਿਆ ਕਿ ਉਸਦੀ ਉਮਰ ਦੱਸੀ ਗਈ ਉਮਰ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਉਸ ਦਾ 18 ਸਾਲ ਦਾ ਇੱਕ ਬੇਟਾ ਵੀ ਹੈ। ਉਹ ਤਲਾਕਸ਼ੁਦਾ ਹੈ, ਇਥੋਂ ਤੱਕ ਕਿਉਹ ਪੀਸੀਐਸ ਅਫਸਰ ਤਾਂ ਦੂਰ ਸਗੋਂ ਕਿਧਰੇ ਕੋਈ ਚਪੜਾਸੀ ਵੀ ਨਹੀਂ ਲੱਗੀ ਹੋਈ। ਵਿਆਹ ਦੇ ਕੁਝ ਸਮੇਂ ਬਾਅਦ ਇਹ ਮਹਿਲਾ ਆਪ ਆਗੂ ਦੇ ਦੋਸ਼ਾਂ ਅਨੁਸਾਰ ਉਹਨਾਂ ਦੇ ਘਰੋਂ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਈ ਜਿਸ ਤੋਂ ਬਾਅਦ ਆਪ ਆਗੂ ਅਮਰਿੰਦਰ ਸਿੰਘ ਨੇ ਉਕਤ ਮਹਿਲਾ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਵਿਆਹ ਦੇ ਨਾਂ ‘ਤੇ ਠੱਗੀ ਦਾ ਸ਼ਿਕਾਰ ਹੋਏ ਆਪ ਆਗੂ ਅਮਰਿੰਦਰ ਸਿੰਘ ਨੇ ਉਕਤ ਮਹਿਲਾ ਮਨਵਿੰਦਰ ਕੌਰ, ਉਸ ਦਾ ਭਰਾ ਤਰਲੋਚਨ ਸਿੰਘ, ਉਸ ਦੀ ਮਾਂ ਵਰਿੰਦਰਜੀਤ ਕੌਰ, ਚਚੇਰਾ ਭਰਾ ਨਰਿੰਦਰ ਸਿੰਘ ਅਤੇ ਭਾਬੀ ਰੁਪਿੰਦਰ ਕੌਰ ਸਮੇਤ ਪਿੰਡ ਦੇ ਸਾਬਕਾ ਸਰਪੰਚ ਦੇ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜੀ ਦਾ ਮਾਮਲਾ ਦਰਜ ਕਰਵਾਇਆ ਹੈ। ਇਹ ਸਾਰੇ ਜਣੇ ਤਰਨ ਤਰਨ ਜ਼ਿਲ੍ਹੇ ਦੇ ਥਾਣਾ ਭਿਖੀਵਿੰਡ ਦੇ ਅਧੀਨ ਪੈਂਦੇ ਪਿੰਡ ਸੁਰਸਿੰਘ ਦੇ ਰਹਿਣ ਵਾਲੇ ਹਨ ਜਿਨਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਪ ਆਗੂ ਅਮਰਿੰਦਰ ਸਿੰਘ ਦਾ ਇਹ ਵਿਆਹ ਫਰਵਰੀ 2026 ‘ਚ ਹੋਇਆ ਸੀ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸਮੇਤ ਕਈ ਵੱਡੇ ਆਗੂ ਸ਼ਾਮਿਲ ਹੋਏ ਸਨ। ਹੁਣ ਅਮਰਿੰਦਰ ਸਿੰਘ ਨਾਲ ਵਿਆਹ ਦੇ ਨਾਮ ‘ਤੇ ਠੱਗੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸਦੇ ਵਿਆਹ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿੰਨਾਂ ‘ਚ ਕੈਬਨਿਟ ਮੰਤਰੀ ਅਤੇ ਹੋਰ ਵੱਡੇ ਆਗੂ ਅਮਰਿੰਦਰ ਸਿੰਘ ਨਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਫੋਟੋ ਕੈਪਸ਼ਨ- ਆਪ ਆਗੂ ਅਮਰਿੰਦਰ ਸਿੰਘ ਦੇ ਵਿਆਹ ਮੌਕੇ ਦੀਆਂ ਤਸਵੀਰਾਂ
