ਬਰਨਾਲਾ,6 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਸੋਮਵਾਰ ਸ਼ਾਮ ਬਰਨਾਲਾ ਦੇ ਖੁੱਡੀ ਰੋਡ ‘ਤੇ ਸਥਿਤ ਉਸ ਵੇਲੇ ਤਣਾਅਪੂਰਨ ਬਣ ਗਈ ਜਦ 6-7 ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ‘ਤੇ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕਾਰ ਅਤੇ ਸਕੂਟਰੀ ‘ਤੇ ਆਏ 6-7 ਨੌਜਵਾਨਾਂ ਨੇ ਖੁੱਡੀ ਰੋਡ ‘ਤੇ ਆਕਾਸ਼ ਨਾਮ ਦੇ ਇੱਕ ਨੌਜਵਾਨ ਦੇ ਘਰ ‘ਤੇ ਧਾਵਾ ਬੋਲ ਦਿੱਤਾ, ਉਹਨਾਂ ਆਕਾਸ਼ ਦੇ ਘਰ ਅੰਦਰ ਵੜ ਕੇ ਉਸਦੀ ਕੁੱਟਮਾਰ ਕੀਤੀ ਅਤੇ 6-7 ਰਾਊਂਡ ਫਾਇਰ ਵੀ ਕੀਤੇ। ਫਾਇਰਿੰਗ ਹੋਣ ਕਰਕੇ ਲੋਕ ਡਰ ਕੇ ਆਪਣੇ ਘਰਾਂ ‘ਚ ਵੜ ਗਏ ਪ੍ਰੰਤੂ ਜਦ ਫਾਇਰਿੰਗ ਰੁਕੀ ਤਾਂ ਲੋਕ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਹਮਲਾਵਰਾਂ ਵੱਲ ਵਧੇ, ਲੋਕਾਂ ਦੇ ਇਕੱਠ ਨੂੰ ਦੇਖ ਕੇ ਹਮਲਾਵਾਰ ਆਪਣੀ ਕਾਰ ‘ਚ ਫਰਾਰ ਹੋ ਗਏ ਪ੍ਰੰਤੂ ਉਹ ਆਪਣੀ ਸਕੂਟਰੀ ਛੱਡ ਗਏ। ਇਸ ਘਟਨਾ ਦੇ ਪੀੜਤ ਆਕਾਸ਼ ਦੇ ਪਰਿਵਾਰ ਵੱਲੋਂ ਹਮਲਾਵਰਾਂ ਦੀ ਸਕੂਟਰੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਐਚਓ ਸਿਟੀ-1 ਲਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪੁੱਜੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਆਕਾਸ਼ ਨੇ ਦੱਸਿਆ ਕਿ ਉਸ ਦੀ ਹਮਲਾਵਰਾਂ ਨਾਲ ਪੁਰਾਣੀ ਰੰਜਿਸ਼ ਹੈ। ਕੁਝ ਸਮਾਂ ਪਹਿਲਾਂ ਵੀ ਇਹਨਾਂ ਹਮਲਾਵਰਾਂ ਨੇ ਗਰਚਾ ਰੋਡ ‘ਤੇ ਉਸਦੀ ਕੁੱਟਮਾਰ ਕੀਤੀ ਸੀ। ਐਸਐਚਓ ਲਖਬੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਇਸ ਘਟਨਾ ਦੀ ਹਰ ਪਹਿਲੂ ਤੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।