Skip to main content

Gee 98News

MLA ਕੁਲਵੰਤ ਸਿੰਘ ਪੰਡੋਰੀ ਸਮੇਤ aap ਦੇ ਕੁਝ ਵਿਧਾਇਕ ਅਤੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ

– ਆਪ ਵਿਧਾਇਕ ਗਿਆਸਪੁਰਾ ਦੇ ਬਿਆਨਾਂ ਨੇ ਆਮ ਆਦਮੀ ਪਾਰਟੀ ਨੂੰ ਸੂਲੀ ‘ਤੇ ਟੰਗਿਆ

ਚੰਡੀਗੜ੍ਹ, 13 ਅਕਤੂਬਰ (ਨਿਰਮਲ ਸਿੰਘ ਪੰਡੋਰੀ)-

-ਆਮ ਆਦਮੀ ਪਾਰਟੀ ਦੇ 12 ਵਿਧਾਇਕਾਂ ‘ਤੇ ਤਿੰਨ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਗਏ ਇਹਨਾਂ ਵਿਧਾਇਕਾਂ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਵੀ ਸ਼ਾਮਿਲ ਹਨ ਜਿਨਾਂ ਨੂੰ 15 ਅਕਤੂਬਰ ਨੂੰ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਗਏ ਹਨ। ‌ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਵਾਪਰੀਆਂ ਕੁਝ ਘਟਨਾਵਾਂ ਦੇ ਸੰਬੰਧ ਵਿੱਚ ਸ਼ਿਕਾਇਤ ਪੱਤਰ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਆਗੂਆਂ ਦਾ ਇੱਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ 12 ਅਕਤੂਬਰ ਨੂੰ ਗਿਆ ਸੀ।‌ ਇਸ ਵਫ਼ਦ ਦੇ ਵਿੱਚ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਸ਼ਾਮਿਲ ਸਨ ਪ੍ਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਵਿਧਾਇਕ ਗਿਆਸਪੁਰਾ ਵੱਲੋਂ ਪਿਛਲੇ ਸਮੇਂ ਦੌਰਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਪ੍ਰਤੀ ਇਤਰਾਜ਼ਯੋਗ ਅਤੇ ਭੱਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।‌ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਹੋਰ ਆਗੂਆਂ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜਾ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੇਵਾਦਾਰਾਂ ਨੂੰ ਆਦੇਸ਼ ਦਿੱਤਾ ਕਿ ਵਫ਼ਦ ਵਿੱਚ ਸ਼ਾਮਿਲ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ ਕਿਉਂਕਿ ਉਹ ਪਿਛਲੇ ਸਮੇਂ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸਬੰਧੀ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ ਜਿਸ ਤੋਂ ਬਾਅਦ ਸੇਵਾਦਾਰਾਂ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ‌ ਇਸ ਤੋਂ ਬਾਅਦ ਵਿਧਾਇਕ ਗਿਆਸਪੁਰਾ ਨੇ ਉਥੇ ਹਾਜ਼ਰ ਪੱਤਰਕਾਰਾਂ ਸਾਹਮਣੇ ਇਹ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਉਹਨਾਂ ਦੀ ਜਾਤੀ ਕਰਕੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਹੀਂ ਜਾਣ ਦਿੱਤਾ ਗਿਆ। ‌ ਵਿਧਾਇਕ ਗਿਆਸਪੁਰਾ ਦੇ ਇਸ ਬਿਆਨ ਤੋਂ ਬਾਅਦ ਸਮੁੱਚੇ ਵਿਸ਼ਵ ‘ਚ ਵਸਦੀ ਸਿੱਖ ਕੌਮ ‘ਚ ਇੱਕ ਵੱਡੀ ਹਲਚਲ ਹੋਈ ਅਤੇ ਸੋਸ਼ਲ ਮੀਡੀਆ ‘ਤੇ ਵਿਧਾਇਕ ਗਿਆਸਪੁਰਾ ਦੀ ਆਲੋਚਨਾ ਦੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਵਾਇਰਲ ਹੋਣ ਲੱਗੀਆਂ।‌ ਵਿਧਾਇਕ ਗਿਆਸਪੁਰਾ ਦੇ ਇਨਾਂ ਦੋਸ਼ਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਕਿ ਵਿਧਾਇਕ ਗਿਆਸਪੁਰਾ ਨੂੰ ਪਿਛਲੇ ਸਮੇਂ ਦੌਰਾਨ ਉਹਨਾਂ ਦੀ ਬਿਆਨਬਾਜ਼ੀ ਕਰਕੇ ਹੀ ਸਕੱਤਰੇਤ ਵਿਖੇ ਨਹੀਂ ਜਾਣ ਦਿੱਤਾ ਗਿਆ।

Gee98 Ads

‌                                         ਇੱਥੇ ਇਹ ਵੀ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵਫਦ ਵਿੱਚ ਕੁਝ ਹੋਰ ਵਿਧਾਇਕ ਦੀ ਅਜਿਹੇ ਸ਼ਾਮਿਲ ਸਨ ਜਿਨ੍ਹਾਂ ਦੀ ਜਾਤੀ ਵੀ ਵਿਧਾਇਕ ਗਿਆਸਪੁਰਾ ਵਾਲੀ ਹੀ ਹੈ ਜਿਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੂਰੇ ਸਤਿਕਾਰ ਨਾਲ ਸੁਣਿਆ ਅਤੇ ਸ਼ਿਕਾਇਤ ਪੱਤਰ ਵੀ ਲਿਆ, ਇਹਨਾਂ ਵਿਧਾਇਕਾਂ ਵਿੱਚ ਵਿਧਾਨ ਸਭਾ ਹਲਕਾ ਤੋਂ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਸ਼ਾਮਿਲ ਸਨ ਜਿਨ੍ਹਾਂ ਦੀ ਜਾਤੀ ਵੀ ਵਿਧਾਇਕ ਗਿਆਸਪੁਰਾ ਵਾਲੀ ਹੀ ਹੈ। ਹੁਣ ਸਵਾਲ ਉਠਦੇ ਹਨ ਕਿ ਜੇਕਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਫ਼ਦ ਵਿੱਚ ਸ਼ਾਮਿਲ ਐਸਸੀ ਵਿਧਾਇਕਾਂ ਨੂੰ ਜਥੇਦਾਰ ਸਤਿਕਾਰ ਸਹਿਤ ਮਿਲਦੇ ਹਨ ਤਾਂ ਉਹ ਗਿਆਸਪੁਰਾ ਦੀ ਜਾਤੀ ‘ਤੇ ਸਵਾਲ ਕਿਉਂ ਉਠਾਉਣਗੇ। ‌ਜਦੋਂ ਵਿਧਾਇਕ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ‘ਤੇ ਨਾ ਜਾਣ ਦੇਣ ਸਬੰਧੀ ਆਪਣੀ ਜਾਤੀ ਦਾ ਵੇਰਵਾ ਪੱਤਰਕਾਰਾਂ ਸਾਹਮਣੇ ਦਿੱਤਾ ਤਾਂ ਇਸ ਦਾ ਤੁਰੰਤ ਨੋਟਿਸ ਲੈਂਦੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵਫ਼ਦ ਵਿੱਚ ਸ਼ਾਮਲ ਸਾਰੇ ਵਿਧਾਇਕਾਂ ਤੇ ਆਗੂਆਂ ਨੂੰ ਬਾਹਰ ਮੀਡੀਆ ਵਿੱਚ ਜਾ ਕੇ ਖੁਦ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਜਿਸ ਨੂੰ ਆਪ ਵਿਧਾਇਕਾਂ ਦੇ ਵਫਦ ਨੇ ਮੰਨਿਆ ਵੀ ਸੀ ਪ੍ਰੰਤੂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੋਂ ਬਾਹਰ ਆ ਕੇ ਸਾਰੇ ਵਿਧਾਇਕਾਂ ਤੇ ਆਪ ਆਗੂਆਂ ਨੇ ਆਪਣੇ ਹੀ ਵਿਧਾਇਕ ਗਿਆਸਪੁਰਾ ਦੇ ਦੋਸ਼ਾਂ ਸਬੰਧੀ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਅਤੇ ਚੁੱਪਚਾਪ ਵਾਪਸ ਆ ਗਏ ਜਿਸਦਾ ਨੋਟਿਸ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਫ਼ਦ ਵਿੱਚ ਸ਼ਾਮਿਲ ਸਾਰੇ ਵਿਧਾਇਕਾਂ ਤੇ ਆਗੂਆਂ ਨੂੰ 15 ਅਕਤੂਬਰ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਦੇ ਆਦੇਸ਼ ਜਾਰੀ ਕੀਤੇ ਹਨ। ‌ ਮੰਨਿਆ ਜਾ ਰਿਹਾ ਹੈ ਕਿ ਹੁਣ ਵਫ਼ਦ ਵਿੱਚ ਸ਼ਾਮਿਲ ਇਹ ਵਿਧਾਇਕ ਅਤੇ ਆਪ ਆਗੂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮੰਗ ਕੇ ਖਹਿੜਾ ਛੁਡਵਾ ਲੈਣਗੇ ਪ੍ਰੰਤੂ ਜਿਹੜਾ ਸਿਆਪਾ ਵਿਧਾਇਕ ਗਿਆਸਪੁਰਾ ਨੇ ਬਿਆਨ ਦੇ ਕੇ ਆਮ ਆਦਮੀ ਪਾਰਟੀ ਦੇ ਗਲ ਪਾ ਦਿੱਤਾ ਉਸ ਤੋਂ ਸ਼ਾਇਦ ਹੀ ਆਮ ਆਦਮੀ ਪਾਰਟੀ ਦਾ ਖਹਿੜਾ ਸੁੱਟੇ ਕਿਉਂਕਿ ਇਹ ਜੱਗ ਜ਼ਾਹਿਰ ਹੈ ਕਿ ਸਿੱਖ ਧਰਮ ਦੇ ਸਿਧਾਂਤਾਂ ਅਨੁਸਾਰ ਕਦੇ ਵੀ ਕਿਸੇ ਨਾਲ ਜਾਤੀ ਵਿਤਕਰਾ ਨਹੀਂ ਕੀਤਾ ਜਾਂਦਾ। ਸ੍ਰੀ ਦਰਬਾਰ ਸਾਹਿਬ ਵਿਖੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਵਾਲੇ ਕਾਫ਼ੀ ਗਿਣਤੀ ਵਿੱਚ ਸੇਵਾਦਾਰ/ਰਾਗੀ/ਗ੍ਰੰਥੀ ਵੀ ਵਿਧਾਇਕ ਗਿਆਸਪੁਰਾ ਦੀ ਜਾਤੀ ਨਾਲ ਸੰਬੰਧਿਤ ਹਨ, ਅਜਿਹੇ ‘ਚ ਵਿਧਾਇਕ ਗਿਆਸਪੁਰਾ ਦੇ ਦੋਸ਼ ਆਮ ਆਦਮੀ ਪਾਰਟੀ ਨੂੰ ਇੱਕ ਕਸੂਤੀ ਸਥਿਤੀ ਵਿੱਚ ਫਸਾ ਗਏ ਹਨ।

error: Content is protected !!