ਬਰਨਾਲਾ,5 ਨਵੰਬਰ ( ਨਿਰਮਲ ਸਿੰਘ ਪੰਡੋਰੀ )-
-ਬਰਨਾਲਾ ਦੇ ਸਖੀ ਵਨ ਸਟਾਪ ਸੈਂਟਰ ਵਿੱਚੋਂ ਇੱਕ ਨਾਬਾਲਿਗ ਕੁੜੀ ਦੇ ਚਕਮਾ ਦੇ ਕੇ ਭੱਜਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਨਵੰਬਰ ਨੂੰ ਸਖੀ ਵਨ ਸਟਾਪ ਸੈਂਟਰ ਵਿੱਚ ਇੱਕ ਰਾਤ ਸੈਲਟਰ ਲਈ ਆਈ ਕੁੜੀ 3 ਨਵੰਬਰ ਨੂੰ ਸਵੇਰੇ ਸੁਰੱਖਿਆ ਕਰਮਚਾਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਈ। ਇਸ ਕੁੜੀ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਇੱਕ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇਹ ਨਾਬਾਲਿਗ ਕੁੜੀ 2 ਨਵੰਬਰ ਨੂੰ ਬਾਲ ਕਮੇਟੀ ਕੋਲ ਆਈ ਸੀ ਜਿਸ ਨੂੰ ਪੂਰੇ ਨਿਯਮਾਂ ਤਹਿਤ ਸਖੀ ਵਨ ਸਟਾਪ ਸੈਂਟਰ ਵਿੱਚ ਭੇਜਿਆ ਗਿਆ ਸੀ।
-ਕੀ ਹੈ ਪੂਰਾ ਮਾਮਲਾ
ਇਸ ਮਾਮਲੇ ਦੀ ਪੜ੍ਹਤਾਲ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਨਾਬਾਲਿਗ ਕੁੜੀ ਬਰਨਾਲਾ ਵਿਖੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਸਿੱਧਾ ਉਸਦੇ ਘਰ ਹੀ ਪੁੱਜ ਗਈ, ਪ੍ਰੰਤੂ ਮਾਮਲਾ ਉਸ ਵੇਲੇ ਗੜਬੜ ਦੀ ਸਥਿਤੀ ਵਿੱਚ ਚਲਾ ਗਿਆ ਜਦੋਂ ਅੱਗੇ ਇਸ ਕੁੜੀ ਦਾ ਪ੍ਰੇਮੀ ਘਰ ਨਹੀਂ ਸੀ ਸਗੋਂ ਉਹ ਇੱਕ ਅਪਰਾਧ ਦੇ ਮਾਮਲੇ ਵਿੱਚ ਜੇਲ੍ਹ ‘ਚ ਬੰਦ ਹੈ ਜਿਸ ਦੀ ਮਾਤਾ ਜਾਂ ਕਿਸੇ ਹੋਰ ਪਰਿਵਾਰਿਕ ਮੈਂਬਰ ਨੇ ਸਿਆਣਪ ਤੋਂ ਕੰਮ ਲੈਂਦੇ ਹੋਏ ਕੁੜੀ ਨੂੰ ਬਾਲ ਭਲਾਈ ਕਮੇਟੀ ਦੇ ਸਪੁਰਦ ਕਰ ਦਿੱਤਾ, ਜਿਨ੍ਹਾਂ ਨੇ ਅੱਗੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁੜੀ ਨੂੰ ਸੈਲਟਰ ਲਈ ਸਖੀ ਵਨ ਸਟਾਪ ਸੈਂਟਰ ਭੇਜ ਦਿੱਤਾ ਜਿੱਥੋਂ ਕਿ ਇਸ ਕੁੜੀ ਦੇ ਮਾਮਲੇ ਸਬੰਧੀ ਅਗਲੇਰਾ ਫੈਸਲਾ ਕੀਤਾ ਜਾਣਾ ਸੀ। ਪਰੰਤੂ ਇਸ ਮਾਮਲੇ ‘ਚ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਕੁੜੀ ਸਖੀ ਵਨ ਸਟਾਪ ਸੈਂਟਰ ਵਿੱਚੋਂ ਸੁਰੱਖਿਆ ਕਰਮਚਾਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਈ। ਪੱਤਰਕਾਰਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆ ਰਿਹਾ ਹੈ ਕਿ ਕੁੜੀ ਸੈਲਟਰ ਵਿੱਚੋਂ ਫਰਾਰ ਹੋਈ ਹੈ ਜਾਂ ਫਿਰ ਸੁਰੱਖਿਆ ਕਰਮਚਾਰੀ ਵੱਲੋਂ ਮੈਡੀਕਲ ਕਰਵਾਏ ਜਾਣ ਦੀ ਪ੍ਰਕਿਰਿਆ ਦੌਰਾਨ ਫਰਾਰ ਹੋਈ ਇਸ ਸਬੰਧੀ ਕੋਈ ਅਧਿਕਾਰੀ ਕੁਝ ਵੀ ਸੱਚ ਦੱਸਣ ਲਈ ਤਿਆਰ ਨਹੀਂ ਹੈ। ਪੱਤਰਕਾਰਾਂ ਕੋਲ ਇਸ ਗੱਲ ਦੀ ਵੀ ਪੁਖ਼ਤਾ ਜਾਣਕਾਰੀ ਹੈ ਕਿ ਪੰਜਾਬ ਪੁਲਿਸ ਵੱਲੋਂ ਸਬੰਧਿਤ ਸੁਰੱਖਿਆ ਕਰਮਚਾਰੀ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਗਈ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਇਹ ਮਾਮਲਾ ਜਸਵਿੰਦਰ ਕੌਰ ਡੀਐਸਪੀ ਕੋਲ ਅਗਲੇਰੀ ਪੜ੍ਹਤਾਲ ਲਈ ਪੁੱਜ ਚੁੱਕਿਆ ਹੈ।