ਬਰਨਾਲਾ, 22 ਜਨਵਰੀ (ਮੰਗਲ ਸਿੰਘ) : ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖੀ ਪ੍ਰਚਾਰ ਲਹਿਰ ਵਜੋਂ ਅੰਮਿ੍ਤਪਾਨ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਸਮਾਗਮਾਂ ਸਬੰਧੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਮਾਨ ਅਤੇ ਭਜਨ ਸਿੰਘ ਭੁੱਲਰ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜ ਪਿਆਰਿਆਂ ਦੀ ਅਗਵਾਈ ’ਚ 46 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ। ਉਨਾਂ ਦੱਸਿਆ ਕਿ ਅੰਮਿ੍ਤਪਾਨ ਕਰਨ ਵਾਲੇ ਲੋੜਵੰਦ ਵਿਅਕਤੀਆਂ ਨੂੰ ਕਕਾਰ ਵੀ ਮੁਫਤ ਦਿੱਤੇ ਗਏ। ਬਰਸੀ ਸਮਾਗਮਾਂ ਦੇ ਪ੍ਰਬੰਧਕ ਮੁਖਤਿਆਰ ਸਿੰਘ ਢਿੱਲੋਂ, ਬਲਦੇਵ ਸਿੰਘ ਨਹਿਲ, ਹਰਦੇਵ ਸਿੰਘ ਢਿੱਲੋਂ, ਅਵਤਾਰ ਸਿੰਘ ਔਲਖ ,ਮਾ. ਉਜਾਗਰ ਸਿੰਘ ਆਦਿ ਨੇ ਸਮੁੱਚੇ ਸਮਾਗਮ ਦੌਰਾਨ ਸਹਿਯੋਗ ਕਰਨ ਵਾਲੇ ਨੌਜਵਾਨ ਸਭਾ ਦੇ ਮੈਂਬਰ, ਲੰਗਰ ਕਮੇਟੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਵਾਰ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਸਮਾਗਮਾਂ ਮੌਕੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਸਮਾਂ ਨਾ ਦੇਣ ਸਬੰਧੀ ਪਿੰਡ ਵਾਸੀਆਂ ਵੱਲੋਂ ਫੈਸਲਾ ਕੀਤਾ ਗਿਆ ਸੀ ਅਤੇ ਸਿਰਫ਼ ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦੇ ਮਨਾਂ ਵਿੱਚ ਇਸ ਗੱਲੋਂ ਰੋਸ ਪਾਇਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸੇ ਵੀ ਵੱਡੇ ਕੱਦ ਦੇ ਆਗੂ ਨੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮਾਂ ਕੱਢਣ ਦੀ ਜ਼ਹਿਮਤ ਨਹੀਂ ਉਠਾਈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਬਰਸੀ ਸਮਾਗਮਾਂ ਵਾਲੀ ਜਗਾ ਉੱਪਰ ਪੰਡਾਲ ਪੂਰੇ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਅਤੇ ਪਹਿਲਾਂ ਨਾਲੋਂ ਵੱਧ ਗਿਣਤੀ ਲੋਕਾਂ ਨੇ ਤਿੰਨੇੇ ਦਿਨ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਰਾਤ ਦੇ ਦੀਵਾਨਾਂ ਵਿੱਚ ਮਹਿਲ ਸਿੰਘ ਚੰਡੀਗੜ ਕਵੀਸਰੀ ਜਥੇ ਨੇ ਸਿੱਖ ਇਤਿਹਾਸ ਸੰਬੰਧੀ ਕਵੀਸਰੀ ਵਾਰਾਂ ਗਾ ਕੇ ਸੰਗਾਤਾਂ ਨੂੰ ਨਿਹਾਲ ਕੀਤਾ। ਸਟੇਜ ਦੀ ਸੇਵਾ ਗਿਆਨੀ ਜਗਤਾਰ ਸਿੰਘ ਅਮਰੀਕਾਂ ਵਾਲੇ ਨੇ ਨਿਭਾਈ। ਇਸ ਮੌਕੇ ਹੈਡ ਗ੍ਰੰਥੀ ਮਹਿੰਦਰ ਸਿੰਘ, ਕਥਾ ਵਾਚਕ ਗਿਆਨੀ ਤਰਸੇਮ ਸਿੰਘ, ਗਿਆਨੀ ਸੁਰਜਨ ਸਿੰਘ, ਗਿਆਨੀ ਮੇਘ ਸਿੰਘ ਆਦਿ ਹਾਜ਼ਰ ਸਨ।








