Gee 98News

ਕੋਰੋਨਾ ਦੀ ਆੜ ’ਚ ਬੰਦ ਕੀਤੇ ਸਕੂਲ ਖੁਲਵਾਉਣ ਲਈ ਲੋਕ ਹੋਏ ਜਾਗਰੂਕ

ਬਰਨਾਲਾ, 06 ਫਰਵਰੀ (ਨਿਰਮਲ ਸਿੰਘ ਪੰਡੋਰੀ) : ਕੋਰੋਨਾ ਦੀ ਆੜ ਹੇਠ ਬੰਦ ਕੀਤੀਆਂ ਸਿੱਖਿਆ ਸੰਸਥਾਵਾਂ ਖੁਲਵਾਉਣ ਲਈ ਲੋਕ ਇੱਕਜੁੱਟ ਹੋ ਰਹੇ ਹਨ। ਕਿਸਾਨ ਜਥੇਬੰਦੀਆਂ ਵੀ ਬੰਦ ਪਏ ਸਕੂਲਾਂ ਦਾ ਨੋਟਿਸ ਲੈ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਜਥੇਬੰਦੀਆਂ ਅਤੇ ਪ੍ਰਾਈਵੇਟ ਸਕੂਲਾਂ ਦੇ ਮਾਲਕ ਅਤੇ ਅਧਿਆਪਕ, ਇੱਥੋ ਤੱਕ ਕਿ ਵਿਦਿਆਰਥੀ ਵੀ ਸਰਕਾਰ ਵੱਲੋਂ ਕੋਰੋਨਾ ਦੀ ਆੜ ’ਚ ਬੰਦ ਕੀਤੀਆਂ ਸਿੱਖਿਆ ਸੰਸਥਾਵਾਂ ਖੁਲਵਾਉਣ ਲਈ ਸੜਕਾਂ ’ਤੇ ਉੱਤਰ ਆਏ ਹਨ । ਜਥੇਬੰਦੀਆਂ ਨੇ 7 ਫਰਵਰੀ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਟ੍ਰੈਫਿਕ ਜਾਮ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਅਤੇ ਸਮਾਜ ਸੇਵੀ ਗੁਰਨਾਮ ਸਿੰਘ ਸੇਰਪੁਰ ਪ੍ਰਧਾਨ ਆਲ ਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਨੇ ਕਿਹਾ ਕਿ ਸਰਕਾਰ ਕੋਰੋਨਾ ਦੇ ਬਹਾਨੇ ਬੱਚਿਆਂ ਨੂੰ ਪੜਾਈ ਤੋਂ ਵਾਂਝੇ ਕਰਨਾ ਚਾਹੁੰਦੀ ਹੈ । ਉਨਾਂ ਕਿਹਾ ਕਿ ਬਾਜ਼ਾਰ ਖੁੱਲੇ ਹਨ, ਬੱਸਾਂ, ਰੇਲਾਂ ਭਰ-ਭਰ ਕੇ ਚੱਲ ਰਹੀਆਂ ਹਨ, ਸ਼ਰਾਬ ਦੇ ਠੇਕੇ, ਵੱਡੇ ਹੋਟਲ, ਸ਼ੋਅਰੂਮ ਖੁੱਲੇ ਹਨ, ਸਿਆਸੀ ਪਾਰਟੀਆਂ ਦੀਆਂ ਚੋਣ ਰੈਲੀਆਂ ਵਿੱਚ ਹਾਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਰਹੇ ਹਨ ਪ੍ਰੰਤੂ ਫਿਰ ਵੀ ਸਰਕਾਰ ਨੇ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦਾ ਫੁਰਮਾਨ ਜਾਰੀ ਕੀਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਆਨਲਾਈਨ ਪੜਾਈ ਕਾਰਨ ਮਾਪਿਆਂ ਉੱਪਰ ਆਰਥਿਕ ਬੋਝ ਵੀ ਪੈ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲ ਫੇਲ ਕਰਕੇ ਸਰਕਾਰਾਂ ਨੇ ਸਿਹਤ ਸਹੂਲਤਾਂ ਪਹਿਲਾਂ ਹੀ ਬੰਦ ਕੀਤੀਆਂ ਹੋਈਆਂ ਹਨ ਅਤੇ ਹੁਣ ਸਿੱਖਿਆ ਸੰਸਥਾਵਾਂ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਬੌਧਿਕ ਪੱਖੋ ਸਾਡੇ ਬੱਚਿਆਂ ਦੀ ਮਾਨਸਿਕਤਾ ਦਾ ਦੀਵਾਲਾ ਕੱਢਣ ’ਤੇ ਤੁਲੀਆਂ ਹੋਈਆਂ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

error: Content is protected !!