ਬਰਨਾਲਾ, 12 ਮਾਰਚ (ਨਿਰਮਲ ਸਿੰਘ ਪੰਡੋਰੀ) : ਪਟਿਆਲਾ ਰੇਂਜ ਦੇ ਆਈਜੀ ਸ੍ਰੀ ਰਾਕੇਸ ਅਗਰਵਾਲ ਨੇ ਸ਼ਨੀਵਾਰ ਜ਼ਿਲ੍ਹਾ ਬਰਨਾਲਾ ’ਚ ਪੁਲਿਸ ਥਾਣਿਆਂ ਦੀਆਂ ਤਿੰਨ ਨਵੀਆਂ ਇਮਾਰਤਾਂ ਦਾ ਉਦਘਾਟਨ ਕੀਤਾ। ਮਹਿਲ ਕਲਾਂ ਵਿਖੇ ਥਾਣਾ ਮਹਿਲ ਕਲਾਂ ਦੀ ਕਰੀਬ 2 ਕਰੋੜ 25 ਲੱਖ ਦੀ ਲਾਗਤ ਨਾਲ ਬਣੀ ਸ਼ਾਨਦਾਰ ਇਮਾਰਤ ਦਾ ਰੀਬਨ ਕੱਟ ਕੇ ਸ੍ਰੀ ਰਾਕੇਸ ਅਗਰਵਾਲ ਆਈਜੀ ਪਟਿਆਲਾ ਰੇਂਜ ਨੇ ਮੁੱਖ ਅਫ਼ਸਰ ਜਗਦੇਵ ਸਿੰਘ ਨੂੰ ਕੁਰਸੀ ’ਤੇ ਬਿਠਾਇਆ। ਇਸੇ ਤਰਾਂ ਥਾਣਾ ਭਦੌੜ ਦੀ ਕਰੀਬ 1 ਕਰੋੜ 40 ਲੱਖ ਰੁਪਏ ਵਿੱਚ ਤਿਅਰ ਹੋਈ ਨਵੀਂ ਇਮਾਰਤ ਦਾ ਉਦਘਾਟਨ ਕਰਕੇ ਕੰਮ ਸ਼ੁਰੂ ਕਰਵਾਇਆ। ਬਰਨਾਲਾ ਵਿਖੇ ਥਾਣਾ ਸਦਰ ਬਰਨਾਲਾ ਦੀ ਕਰੀਬ 1 ਕਰੋੜ 74 ਲੱਖ ਦੀ ਲਾਗਤ ਨਾਲ ਤਿਆਰ ਹੋਈ ਨਵੀਂ ਇਮਾਰਤ ਦਾ ਉਦਘਾਟਨ ਸ੍ਰੀ ਰਾਕੇਸ ਅਗਰਵਾਲ ਆਈਜੀ ਪਟਿਆਲਾ ਰੇਂਜ ਨੇ ਕੀਤਾ। ਇਸ ਮੌਕੇ ਉਨਾਂ ਨਾਲ ਐਸਐਸਪੀ ਬਰਨਾਲਾ ਮੈਡਮ ਅਲਕਾ ਮੀਨਾ, ਐਸਪੀ ਕੁਲਦੀਪ ਸਿੰਘ, ਐਸਪੀ ਅਨਿਲ ਕੁਮਾਰ , ਐਸਪੀ ਹਰਵੰਤ ਕੌਰ, ਏਐਸਪੀ ਦਰਪਣ ਆਹਲੂਵਾਲੀਆ ਡੀਐਸਪੀ ਜਤਿੰਦਰਪਾਲ ਸਿੰਘ ਮਹਿਲ ਕਲਾਂ ਸਮੇਤ ਪੁਲਿਸ ਦੇ ਉਚ ਅਧਿਕਾਰੀ ਵੀ ਹਾਜ਼ਾਰ ਸਨ। ਇਸ ਮੌਕੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਰਾਕੇਸ ਅਗਰਵਾਲ ਨੇ ਕਿਹਾ ਕਿ ਉਕਤ ਤਿੰਨ ਥਾਣਿਆਂ ਦੀਆਂ ਇਮਾਰਤਾਂ ਪੁਰਾਣੀਆ ਹੋ ਚੁੱਕੀਆਂ ਸਨ ਜਿਨਾਂ ਦੀ ਥਾਂ ’ਤੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਇਹ ਨਵੀਂਆਂ ਇਮਾਰਤਾਂ ਤਿਆਰ ਕੀਤੀਆਂ ਗਈਆਂ ਹਨ। ਉਨਾਂ ਪੁਿਲਸ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਥਾਣਿਆਂ ਵਿੱਚ ਕੰਮ ਕਾਰ ਆਉਣ ਵਾਲੇ ਲੋਕਾਂ ਦੀਆਂ ਸਮੱਸ਼ਿਆਵਾਂ ਨੂੰ ਸਮਾਂਬੱਧ ਨਿਪਟਾਇਆ ਜਾਵੇ। ਉਨਾਂ ਕਿਹਾ ਕਿ ਪੰਜਾਬ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਵਚਨਬੱਧ ਹੈ।










