ਬਰਨਾਲਾ, 15 ਮਾਰਚ (ਨਿਰਮਲ ਸਿੰਘ ਪੰਡੋਰੀ) ; ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਜ਼ਿਲ੍ਹਾ ਜੇਲ੍ਹ, ਬਰਨਾਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨਾਂ ਨਾਲ ਗੁਰਬੀਰ ਸਿੰਘ, ਮਾਨਯੋਗ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ, ਸ਼੍ਰੀਮਤੀ ਸੁਚੇਤਾ ਅਸ਼ੀਸ ਦੇਵ, ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਅਤੇ ਬਲਜੀਤ ਸਿੰਘ ਘੁੰਮਣ, ਜੇਲ੍ਹ ਸੁਪਰਡੰਟ ਬਰਨਾਲਾ ਹਾਜ਼ਰ ਸਨ। ਜੇਲ ਪਹੁੰਚਣ ਤੇ ਉਨਾਂ ਵੱਲੋਂ ਕੈਦੀਆਂ/ਹਵਾਲਾਤੀਆਂ ਨੂੰ ਉਨਾਂ ਦੇ ਕੇਸਾਂ ਵਿੱਚ ਆ ਰਹੀਆਂ ਮੁਸ਼ਕਿਲਾ ਬਾਰੇ ਸੁਣਿਆ ਗਿਆ ਅਤੇ ਸਮੱਸਿਆਵਾਂ ਦੇ ਮੌਕੇ ਤੇ ਹੱਲ ਵੀ ਦੱਸੇ। ਇਸ ਤੋਂ ਇਲਾਵਾ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਜੇਲ ਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਕੇਸ ਦੀ ਪੈਰਵੀ ਕਰਨ ਲਈ ਵਕੀਲ ਸਾਹਿਬ ਦੀ ਜ਼ਰੂਰਤ ਹੈ ਤਾਂ ਉਹ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਧੀਨ ਵਕੀਲ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਸਬੰਧੀ ਦਰਖਾਸਤ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਦਫ਼ਤਰ ਵਿਖੇ ਭੇਜਣੀ ਹੁੰਦੀ ਹੈ। ਉਨਾਂ ਵੱਲੋਂ ਜੇਲ ਸੁਪਰਡੰਟ ਨੂੰ ਹਦਾਇਤ ਕੀਤੀ ਗਈ ਕਿ ਜੇਲ੍ਹ ਵਿੱਚ ਸੈਨੇਟਾਈਜਰ, ਕੈਦੀਆਂ/ਹਵਾਲਾਤੀਆਂ ਲਈ ਮਾਸਕ, ਜੇਲ ਦੀ ਸਾਫ਼-ਸਫ਼ਾਈ, ਖਾਣਾ ਪਕਾਉਣ ਵਾਲੀ ਜਗਾ ਦੀ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਖਾਣ ਵਾਲੀਆਂ ਵਸਤੂਆ ਢੱਕ ਕੇ ਰੱਖੀਆ ਜਾਣ। ਇਸ ਤੋਂ ਇਲਾਵਾਂ ਕੈਦੀਆਂ/ਹਵਾਲਾਤੀਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆਂ ਕਰਵਾਇਆ ਜਾਵੇ ਅਤੇ ਜੇਲ੍ਹ ਬੈਰਕਾਂ ਅਤੇ ਆਸ ਪਾਸ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਬੰਦੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨਾਂ ਵੱਲੋਂ ਰਸੋਈ ਘਰ ਦੀ ਬੰਦੀਆਂ ਲਈ ਬਣਾਏ ਜਾ ਰਹੇ ਖਾਣੇ ਦੀ ਚੈਕਿੰਗ ਵੀ ਕੀਤੀ ਗਈ। ਅੰਤ ਵਿੱਚ ਉਨਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਬੰਦੀਆਂ ਨੂੰ ਅੰਡਰਟਰਾਇਲ ਇੰਨਫਾਰਮੇਸ਼ਨ ਕਾਰਡ ਉਪਲੱਬਧ ਕਰਵਾਏ ਗਏ ਹਨ, ਜਿਸ ਤੋਂ ਉਨਾਂ ਨੂੰ ਉਨਾਂ ਦੇ ਕੇਸਾਂ ਸਬੰਧੀ ਜਾਣਕਾਰੀ ਮਿਲ ਸਕਦੀ ਹੈ।









