ਚੰਡੀਗੜ, 22 ਮਾਰਚ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣਾ ਆਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਆਪਣੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਉਨਾਂ ਕਿਹਾ ਕਿ ਪਾਰਟੀ ਨੇ ਸੂਬੇ ਦਾ ਭਵਿੱਖ ਅਤੇ ਨੌਜਵਾਨਾਂ ਨਾਲ ਸਿੱਧੇ ਤੌਰ ’ਤੇ ਜੁੜੇ ਵਿਭਾਗਾਂ ਦੀ ਜ਼ਿੰਮੇਵਾਰੀ ਦੇ ਕੇ ਬਹੁਤ ਵੱਡਾ ਭਰੋਸਾ ਪ੍ਰਗਟ ਕੀਤਾ ਹੈ। ਜਿਸ ਉੱਪਰ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਸ੍ਰੀ ਮੀਤ ਹੇਹਰ ਦੇ ਆਹੁਦਾ ਸੰਭਾਲਣ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਧਾਇਕ ਅਮਨ ਅਰੋੜਾ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਬੁੱਧ ਰਾਮ , ਅੰਮਿ੍ਰਤਪਾਲ ਸਿੰਘ, ਲਾਭ ਸਿੰਘ ਉੱਗੋਕੇ, ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਹੋਰ ਵੱਡੀ ਗਿਣਤੀ ਵਿਧਾਇਕਾਂ ਨੇ ਸ੍ਰੀ ਮੀਤ ਹੇਹਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਮੀਤ ਹੇਹਰ ਨੇ ਕਿਹਾ ਕਿ ਪਾਰਟੀ ਨੇ ਸਿੱਖਿਆ ਅਤੇ ਸਿਹਤ ਦੇ ਖ਼ੇਤਰ ਵਿੱਚ ਇੰਨਕਲਾਬੀ ਸੁਧਾਰਾਂ ਦਾ ਵਾਅਦਾ ਕਰਕੇ ਚੋਣਾਂ ਲੜੀਆਂ ਅਤੇ ਦਿੱਲੀ ਵਾਲਾ ਸਿੱਖਿਆ ਮਾਡਲ ਪੰਜਾਬ ’ਚ ਲਾਗੂ ਕਰਨ ਦਾ ਵਾਅਦਾ ਕੀਤਾ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਪਾਰਟੀ ਦੇ ਵਾਅਦਿਆਂ ’ਤੇ ਯਕੀਨ ਕਰਕੇ ਵੱਡੀ ਜਿੱਤ ਝੋਲੀ ਪਾਈ ਜਿਸ ਤੋਂ ਬਾਅਦ ਲੋਕਾਂ ਦੀਆਂ ਸਾਡੀ ਸਰਕਾਰ ਉੱਪਰ ਬਹੁਤ ਵੱਡੀਆਂ ਉਮੀਦਾਂ ਹਨ। ਉਨਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਢਾਂਚਾ ਖੜਾ ਕਰਨ ਨਈ ਅਤੇ ਹੋਰ ਸੁਧਾਰਾਂ ਲਈ ਸਿੱਖਿਆ ਬਜਟ ’ਚ ਵਾਧਾ ਕੀਤਾ ਜਾਵੇਗਾ। ਖੇਡ ਵਿਭਾਗ ਸੰਬੰਧੀ ਗੱਲ ਕਰਦੇ ਹੋਏ ਮੀਤ ਹੇਹਰ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖ਼ੇਤਰ ਵਿੱਚ ਸਿਖਰ ਉੱਤੇ ਲਿਜਾਣ ਲਈ ਨਵੀਂ ਨੀਤੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਯੂਥ ਕਲੱਬਾਂ ਦੇ ਪਲੇਟਫਾਰਮ ਨੂੰ ਨਸ਼ਾ ਵਿਰੋਧੀ ਪਲੇਟਫਾਰਮ ਵਜੋ ਵਰਤਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸ੍ਰੀ ਮੀਤ ਹੇਹਰ ਦੇ ਆਹੁਦਾ ਸੰਭਾਲਣ ਮੌਕੇ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।









