Gee 98News

ਵੱਡਾ ਸਾਬ ਨਹੀਂ, ਸਾਡਾ ਬਾਈ ਬਣਿਆ ਮੰਤਰੀ, ਝੰਡੀ ਵਾਲੀ ਕਾਰ ਦੀ ਤਾਕੀ ਨੂੰ ਪਿਆ ਰਿਕਸ਼ੇ ਵਾਲੇ ਦਾ ਹੱਥ

-ਆਮ ਲੋਕਾਂ ਦੀ ਗਲਵੱਕੜੀ ’ਚ ਹੈ ਬਰਨਾਲੇ ਵਾਲਾ ਮੰਤਰੀ
ਬਰਨਾਲਾ, 24 ਮਾਰਚ (ਨਿਰਮਲ ਸਿੰਘ ਪੰਡੋਰੀ) : ਪੰਜਾਬ ’ਚ ‘ਆਪ’ ਦੀ ਸਰਕਾਰ ਦੀ ਕੈਬਨਿਟ ਵਿੱਚ ਬਰਨਾਲਾ ਦੀ ਹਿੱਸੇਦਾਰੀ ਨੇ ਜ਼ਿਲੇ ਦੇ ਲੋਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ, ਅਜਿਹਾ ਨਹੀਂ ਹੈ ਕਿ ਪਹਿਲਾਂ ਕਦੇ ਸੂਬੇ ਦੀ ਵਜ਼ਾਰਤ ਵਿੱਚ ਬਰਨਾਲਾ ਨਾਲ ਸੰਬੰਧਿਤ ਕੋਈ ਵਿਧਾਇਕ ਨਾ ਬੈਠਾ ਹੋਵੇ ਪ੍ਰੰਤੂ ਇਸ ਵਾਰ ਲੋਕ ਆਪਣੇ ਆਪ ਮਹਿਸੂਸ ਕਰ ਰਹੇ ਹਨ ਕਿ ਜਿਵੇਂ ਵਜ਼ਾਰਤ ਵਿੱਚ ਉਨਾਂ ਦੀ ਆਪਣੀ ਹਿੱਸੇਦਾਰੀ ਪੈ ਗਈ ਹੋਵੇ।

ਬਰਨਾਲਾ ਦੀ ਸਥਾਨਕ ਰਾਜਨੀਤੀ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਰਾਜਨੀਤੀ ‘‘ਸਾਬ’’ ਸ਼ਬਦ ਦੇ ਭਾਰ ਹੇਠ ਦੱਬੀ ਰਹੀ ਹੈ। ਬਰਨਾਲਾ ’ਚ ਹਰ ਰਾਜਨੀਤਕ ਪਾਰਟੀ ਦੇ ਛੋਟੇ-ਵੱਡੇ ਆਗੂ ਨੇ ਆਪਣੇ ਆਪ ਨੂੰ ‘‘ਸਾਬ’’ ਅਖਵਾਉਣਾ ਸ਼ੁਰੂ ਕੀਤਾ ਅਤੇ ਲੋਕ ਵੀ ‘ਸਿੱਟੇਮਾਰ’ ਸਮਰਥਕਾਂ ਦੀ ਪਰਿਭਾਸ਼ਾ ’ਤੇ ਖਰੇ ਉੱਤਰਦੇ ਹੋਏ ‘‘ਸਾਬ’’ ਦੇ ਸਨਮਾਨ ਨਾਲ ਆਪਣੇ-ਆਪਣੇ ਨੇਤਾਵਾਂ ਨੂੰ ਆਮ ਲੋਕਾਂ ਨਾਲੋ ਵੱਖਰੀ ਸ਼੍ਰੇਣੀ ਵਿੱਚ ਰੱਖਦੇ ਰਹੇ।

ਮੀਤ ਹੇਹਰ ਦੇ ਮੰਤਰੀ ਬਣਨ ਤੋਂ ਬਾਅਦ ਜ਼ਿਲੇ ਦੇ ਲੋਕਾਂ ਨੇ ‘‘ਸਾਬ’’ ਸ਼ਬਦ ਦੀ ਵਰਤੋਂ ਨੂੰ ਇੱਕਦਮ ਨਕਾਰ ਕੇ ‘‘ਸਾਡਾ ਭਰਾ ਮੀਤ , ਸਾਡਾ ਪੁੱਤ ਮੀਤ, ਸਾਡਾ ਬਾਈ ਮੀਤ’’ ਵਰਗੇ ਸ਼ਬਦ ਵਰਤਣੇ ਸ਼ੁਰੂ ਕੀਤੇ। ਮੀਤ ਹੇਹਰ ਨੇ ਵੀ ਇਨਾਂ ਸ਼ਬਦਾਂ ਦੀ ਅਪਣੱਤ ਨੂੰ ਮਹਿਸੂਸ ਕੀਤਾ ਅਤੇ ਹਰ ਆਮ ਵਰਕਰ ਤੋਂ ਲੈ ਕੇ ਦਰਜਾ-ਬ-ਦਰਜਾ ਲੋਕਾਂ ਨੂੰ ਗਲਵੱਕੜੀ ’ਚ ਲਿਆ।ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਬਰਨਾਲਾ ਪੁੱਜਣ ’ਤੇ ਜਿਸ ਤਰੀਕੇ ਨਾਲ ਮੀਤ ਹੇਹਰ ਦਾ ਸਵਾਗਤ ਹੋਇਆ, ਉਸ ਤੋਂ ਇਹ ਸਾਫ਼ ਝਲਕਦਾ ਹੈ ਕਿ ਬਰਨਾਲਾ ਦੇ ਲੋਕ ਆਪਣੇ-ਆਪ ਨੂੰ ਮੀਤ ਹੇਹਰ ਦੇ ਨਜ਼ਦੀਕ ਸਮਝਦੇ ਹਨ।

Gee98 Ads

ਬਰਨਾਲਾ ਪੁੱਜੇ ਮੀਤ ਹੇਹਰ ਨੇ ਜਿੱਥੇ ਵੱਡੇ ਲੋਕਾਂ ਦੇ ਮਹਿੰਗੀ ਖ਼ੁਸਬੋ ਵਾਲੇ ਗੁਲਦਸਤੇ ਫੜੇ ਉੱਥੇ ਖਾਲੀ ਹੱਥ ਮਿਲਣ ਵਾਲਿਆਂ ਨੂੰ ਵੀ ਆਪਣੇ ਕਲਾਵੇ ’ਚ ਲੈ ਕੇ ‘ਸਾਡਾ ਮੰਤਰੀ’ ਵਾਲੀਆਂ ਭਾਵਨਾਵਾਂ ਨੂੰ ਸਤਿਕਾਰ ਦਿੱਤਾ। ਭਾਵੇਂ ਕਿ ਬਤੌਰ ਮੰਤਰੀ ਮੀਤ ਹੇਹਰ ਦੀ ਕਾਬਲੀਅਤ ਸਮੇਂ ਦੀ ਬੁੱਕਲ ’ਚ ਹੈ ਅਤੇ ਇਸ ਗੱਲ ਉੱਪਰ ਵੀ ਨਜ਼ਰ ਟਿਕੀ ਰਹੇਗੀ ਕਿ ਮੀਤ ਹੇਹਰ ‘ਸੱਤਾ ਦੇ ਨਸ਼ੇ’ ਤੋਂ ਆਪਣੇ-ਆਪ ਨੂੰ ਕਿਵੇਂ ਦੂਰ ਰੱਖ ਕੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਰੱਖੇਗਾ, ਪੰ੍ਰਤੂ ਫਿਲਹਾਲ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਵਾਰ ਬਰਨਾਲੇ ਪੁੱਜੀ ‘ਝੰਡੀ ਵਾਲੀ ਕਾਰ’ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਅਤੀਤ ਵਿੱਚ ਬਰਨਾਲੇ ਪੁੱਜੀਆਂ ਝੰਡੀ ਵਾਲੀਆਂ ਕਾਰਾਂ ਤੋਂ ਵੱਖਰੀਆਂ ਹਨ ਅਤੇ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਝੰਡੀ ਵਾਲੀ ਇਸ ਕਾਰ ਦੀ ਤਾਕੀ ਤੱਕ ਰਿਕਸ਼ੇ ਵਾਲੇ, ਜੁੱਤੀਆਂ ਗੰਢਣ ਵਾਲੇ, ਕਿਸੇ ਵਿਭਾਗ ਦੇ ਦਰਜਾ ਚਾਰ ਮੁਲਾਜ਼ਮ, ਮਜ਼ਦੂਰ, ਕਿਸਾਨ, ਮੱਧਵਰਗੀ ਸ਼੍ਰੇਣੀ ਦਾ ਹੱਥ ਪੁੱਜਦਾ ਹੈ। ਮੀਤ ਹੇਹਰ ਨੂੰ ਇਹ ਗੱਲ ਸਦਾ ਚੇਤੇ ਵੀ ਰੱਖਣੀ ਚਾਹੀਦੀ ਹੈ ਕਿ ਇਹੀ ਉਹ ਲੋਕ ਹਨ ਜਿਨਾਂ ਦੇ ਹੱਥਾਂ ਨੇ ਉਸ ਦੀ ਗੱਡੀ ’ਤੇ ਝੰਡੀ ਲਗਾਈ। ਆਮ ਲੋਕ ਵੀ ਮੀਤ ਹੇਹਰ ਤੋਂ ਇਹੋ ਉਮੀਦ ਰੱਖਣਗੇ ਕਿ ਮੀਤ ਹੇਹਰ ਮਹਿੰਗੇ ਅਸਲੀ ਫੁੱਲਾਂ ਦੀ ਖ਼ੁਸਬੋ ਅਤੇ ਆਰਟੀਫਿਸਲ ਫੁੱਲਾਂ ਦੀ ਖ਼ੁਸਬੋ ਵਿੱਚ ਫਰਕ ਮਹਿਸੂਸ ਨਹੀਂ ਕਰੇਗਾ।

error: Content is protected !!