ਬਰਨਾਲਾ 28 ਮਾਰਚ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਬੱਸ ਅੱਡੇ ਦੇ ਪਬਲਿਕ ਪਖਾਨਿਆਂ ਵਿਚ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦੀ ਜਾਣਕਾਰੀ ਹੈ। ਨੌਜਵਾਨ ਦੀ ਲਾਸ਼ ਨੂੰ ਪਬਲਿਕ ਪਖਾਨਿਆਂ ਚੋਂ ਬਾਹਰ ਕੱਢਣ ਵਾਲੇ ਮੌਕੇ ‘ਤੇ ਹਾਜ਼ਰ ਕੁੱਝ ਲੋਕਾਂ ਨੇ ਦੱਸਿਆ ਕਿ ਇਸ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਅਤੇ ਇਸ ਦੀ ਬਾਂਹ ਵਿਚ ਸਰਿੰਜ ਵੀ ਲੱਗੀ ਹੋਈ ਸੀ। ਦੂਜੇ ਪਾਸੇ ਨੌਜਵਾਨ ਦੀ ਮੌਤ ਦੇ ਕਾਰਨਾਂ ਸਬੰਧੀ ਜਦ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਬੱਸ ਅੱਡਾ ਚੌਕੀ ਦੇ ਪੁਲਸ ਮੁਲਾਜ਼ਮਾਂ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਕਿ ਨੌਜਵਾਨ ਦੀ ਲਾਸ਼ ਪਖਾਨਿਆਂ ਚੋਂ ਬਾਹਰ ਕੱਢਣ ਸਮੇਂ ਉਸ ਦੀ ਬਾਂਹ ‘ਚ ਕੋਈ ਸਰਿੰਜ ਲੱਗੀ ਹੋਈ ਸੀ। ਉਕਤ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਦੇ ਮਾਪੇ ਕਿਸੇ ਉੱਪਰ ਪੁਲਸ ਕਾਰਵਾਈ ਕਰਵਾਉਣ ਸੰਬੰਧੀ ਅੱਗੇ ਨਹੀਂ ਆਏ,ਜਿਸ ਤੋਂ ਇਹ ਸ਼ੰਕਾ ਹੋਰ ਵੀ ਪੱਕੀ ਹੋ ਜਾਂਦੀ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ।








