ਬਰਨਾਲਾ 29 ਮਾਰਚ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦਾ ਮਾਲ ਵਿਭਾਗ ਅਤੇ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਆ ਗਈਆਂ ਹਨ।ਮਾਲ ਵਿਭਾਗ ਦੇ ਪਟਵਾਰੀ, ਉਪ-ਤਹਿਸੀਲਦਾਰ, ਤਹਿਸੀਲਦਾਰ ਅਤੇ ਮਾਲ ਅਫਸਰ ਤੱਕ ਸਾਰੇ ਮੁਲਾਜ਼ਮਾਂ ਨੇ ਕਿਸਾਨਾਂ ਉਪਰ ਬਦਸਲੂਕੀ ਦਾ ਦੋਸ਼ ਲਗਾਉਂਦੇ ਹੋਏ 29 ਮਾਰਚ ਤੋਂ ਅਣਮਿੱਥੇ ਸਮੇਂ ਲਈ ਹਡ਼ਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਲੰਬੀ ‘ਚ ਕਪਾਹ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਸਾਨਾਂ ਨੇ ਮਾਲ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਸੀ। ਮਾਲ ਵਿਭਾਗ ਦੇ ਅਧਿਕਾਰੀਆਂ ਦੀ ਅਣਮਿਥੇ ਸਮੇਂ ਦੀ ਹੜਤਾਲ ਕਾਰਨ ਭਗਵੰਤ ਮਾਨ ਸਰਕਾਰ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ ਕਿਉਂਕਿ ਸਰਕਾਰ ਮੁਲਾਜ਼ਮ ਜਥੇਬੰਦੀਆਂ ਨਾਲ ਟਕਰਾਅ ਨਹੀਂ ਲੈ ਸਕਦੀ ਪ੍ਰੰਤੂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਲੰਬੀ ਵੱਲ ਨੂੰ ਚਾਲੇ ਪਾ ਦਿੱਤੇ ਹਨ।ਦੂਜੇ ਪਾਸੇ ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਸੂਬੇ ‘ਚ ਸਮਾਰਟ ਮੀਟਰ ਲਗਾਉਣ ਦੀ ਸਹਿਮਤੀ ਸੰਬੰਧੀ ਐਲਾਨ ਕਰਨ ਦੀ ਚਰਚਾ ਵੀ ਸਾਹਮਣੇ ਆ ਰਹੀ ਹੈ ਜਦਕਿ ਦੂਜੇ ਪਾਸੇ ਕਿਸਾਨ ਯੂਨੀਅਨਾਂ ਨੇ ਸਮਾਰਟ ਮੀਟਰ ਲਗਾਉਣ ਦਾ ਸਖ਼ਤ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ।ਸਮਾਰਟ ਮੀਟਰ ਲਗਾਉਣ ਦੇ ਮੁੱਦੇ ‘ਤੇ ਵੀ ਬਿਜਲੀ ਵਿਭਾਗ ਦੇ ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਹੋਣਗੀਆਂ।ਕੁੱਲ ਮਿਲਾ ਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਆਉਣ ਵਾਲੇ ਦਿਨਾਂ ‘ਚ ਕਿਸਾਨ ਜਥੇਬੰਦੀਆਂ ਅਤੇ ਆਪਣੇ ਮੁਲਾਜ਼ਮਾਂ ਦੇ ਟਕਰਾਅ ਕਾਰਨ ਪੈਦਾ ਹੋਈ ਕਸੂਤੀ ਸਥਿਤੀ ਵਿਚ ਫਸਦੀ ਨਜ਼ਰ ਆ ਰਹੀ ਹੈ,ਜਿਸ ਤੋਂ ਬਚਣ ਲਈ ਸਰਕਾਰ ਨੂੰ ਸਮੱਸਿਆ ਦਾ ਹੱਲ ਜਲਦੀ ਕੱਢਣਾ ਪਵੇਗਾ।








