Gee 98News

ਰਾਜਨੀਤੀ ਤੇ ਕਾਮੇਡੀ ਦੋ ਅਜਿਹੀਆਂ ਲਾਈਨਾਂ ਹਨ, ਜੋ ਕਿਸੇ ਵੀ ਬਿੰਦੂ ਤੇ ਨਹੀਂ ਮਿਲਦੀਆਂ..!

ਸਟੇਜ ਨਹੀਂ, ਸਟੇਟ ਦਾ ਕਲਾਕਾਰ ਬਣਨਾ ਪਵੇਗਾ ਭਗਵੰਤ ਮਾਨ ਨੂੰ
ਬਰਨਾਲਾ, 08 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਜੇਕਰ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਤੋਂ ਮੰਗ ਕਰਨ ਕਿ ਸਾਬਕਾ ਆਈਪੀਐਸ ਅਧਿਕਾਰੀ ਤੇ ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾਇਆ ਜਾਵੇ ਤਾਂ ਸੂਬੇ ਦੇ ਹਾਲਾਤਾਂ ਦੀ ਤਸਵੀਰ ਸਾਫ਼ ਨਜ਼ਰ ਆਉਂਦੀ ਹੈ। ਦੱਸ ਦੇਈਏ ਕਿ ਸੂਬੇ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਨੇ ਆਪਣੇ ਕੋਲ ਹੀ ਰੱਖਿਆ ਹੋਇਆ ਹੈ। ਪੰਜਾਬ ’ਚ ਆਪ ਦੀ ਸਰਕਾਰ ਦੇ ਗਠਨ ਤੋਂ ਬਾਅਦ ਸ਼ੁਰੂ ਹੋਈਆਂ ਕਤਲੋਗ਼ਾਰਤ ਦੀਆਂ ਘਟਨਾਵਾਂ ਉਪਰੋਥੱਲੀ ਵਾਪਰ ਰਹੀਆਂ ਹਨ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਕੁਝ ਹੋਰ ਖਿਡਾਰੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਇਹ ਘਟਨਾਵਾਂ ਬਾਦਸਤੂਰ ਜਾਰੀ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ‘‘ਰੰਗਲਾ ਪੰਜਾਬ’’ ਬਣਾਉਣ ਦਾ ਇੱਕ ਨਾਅਰਾ ਦਿੱਤਾ ਸੀ ਪ੍ਰੰਤੂ ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਠਾਹ-ਠੂੰਹ ਦੀ ਗੂੰਜ ਨੇ ਸਥਿਤੀ ਚਿੰਤਾਜਨਕ ਪੈਦਾ ਕਰ ਦਿੱਤੀ ਹੈ। ਅਜਿਹਾ ਨਹੀਂ ਹੈ ਕਿ ਪਹਿਲੀਆਂ ਸਰਕਾਰਾਂ ਮੌਕੇ ਕਦੇ ਇਸ ਤਰਾਂ ਦੀਆਂ ਘਟਨਾਵਾਂ ਨਹੀਂ ਵਾਪਰੀਆਂ ਪ੍ਰੰਤੂ ਕਿਸੇ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਲਾਅ-ਐਂਡ ਆਰਡਰ ਦੀ ਸਥਿਤੀ ’ਚ ਵੱਡਾ ਵਿਗਾੜ ਸ਼ੁਰੂ ਹੋ ਜਾਣਾ ਕੁਝ ਸਵਾਲ ਤਾਂ ਖੜੇ ਕਰਦਾ ਹੀ ਹੈ। ਅਜਿਹਾ ਵੀ ਨਹੀਂ ਹੈ ਕਿ ਇਨਾਂ ਘਟਨਾਵਾਂ ਲਈ ‘ਆਪ’ ਸਰਕਾਰ ਜ਼ਿੰਮੇਵਾਰ ਹੈ। ਇਹ ਵੀ ਕਿਹਾ ਨਹੀਂ ਜਾ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਅ-ਐਂਡ ਆਰਡਰ ਦੀ ਪ੍ਰੀਭਾਸਾ ਬਾਰੇ ਪਤਾ ਨਹੀ ਹੈ। ਇਹ ਕਹਿਣਾ ਵੀ ਵਾਜਿਬ ਨਹੀਂ ਕਿ ‘ਆਪ’ ਸਰਕਾਰ ਦਾ ਸੂਬੇ ਦੀ ਅਫ਼ਸਰਸਾਹੀ ਉੱਪਰ ਕੰਟਰੋਲ ਨਹੀਂ ਹੈ। ਇਹ ਵੀ ਨਹੀਂ ਮੰਨਿਆ ਜਾ ਸਕਦਾ ਕਿ ਭਗਵੰਤ ਮਾਨ ਨੂੰ ‘ਸਟੇਟ ਅਤੇ ਸਟੇਜ’ ਦਾ ਫਰਕ ਨਹੀਂ ਪਤਾ, ਪ੍ਰੰਤੂ ਸਟੇਟ ਵਿੱਚ ਅੱਜ ਕੱਲ ਕਿਸੇ ਸਟੇਜ ਸਮਾਗਮ ਵਾਂਗ ਹੋ ਰਹੀ ਠਾਹ-ਠੂੰਹ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰਦੀ, ਉਹ ਵੀ ਉਦੋ, ਜਦੋਂ ਕਿ ਭਗਵੰਤ ਮਾਨ ਗ੍ਰਹਿ ਵਿਭਾਗ ਦਾ ਕੰਮ ਵੀ ਦੇਖ ਰਹੇ ਹੋਣ। ਸੱਤਾਧਾਰੀ ਪਾਰਟੀ ਦੇ ਵਰਕਰਾਂ ਦੇ ਨਾਲ-ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਸੁਹਿਰਦਤਾ ਰੱਖਣ ਵਾਲੇ ਲੋਕ ਜੇਕਰ ਗ੍ਰਹਿ ਵਿਭਾਗ ਕਿਸੇ ਹੋਰ ਨੂੰ ਸੌਂਪਣ ਦੀ ਗੱਲ ਕਰਨ ਤਾਂ ਇਹ ਸਥਿਤੀ ਭਗਵੰਤ ਮਾਨ ਦੀ ਪ੍ਰਬੰਧਕੀ ਕਾਰਜਕੁਸ਼ਲਤਾ ਸੰਬੰਧੀ ਨਾਮੋਸ਼ੀ ਪੈਦਾ ਕਰਨ ਵਾਲੀ ਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਭਗਵੰਤ ਮਾਨ ਨੂੰ ਦਿੱਤੀਆਂ ਜਾ ਰਹੀਆਂ ਇਹ ਸਲਾਹਾਂ ਵਜ਼ਨ ਰੱਖਦੀਆਂ ਹਨ ਕਿ ਭਗਵੰਤ ਮਾਨ ਨੂੰ ਕਿਸੇ ਵੀ ਕੰਮ ਦੇ ਮਾਮਲੇ ’ਚ ਤੇਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਚੋਣਾਂ ਹਾਰ ਚੁੱਕੇ ਆਗੂ ਹਾਥੀ ਦੇ ਨਾ ਦਿਸਣ ਵਾਲੇ ਦੰਦਾਂ ਵਾਂਗ ਆਪਣੇ ਛੁਪੇ ਹੋਏ ਹਥਿਆਰਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਭਗਵੰਤ ਮਾਨ ਨੂੰ ਇਹ ਗੱਲ ਤਾਂ ਬਾਖ਼ੂਬੀ ਪਤਾ ਹੀ ਹੈ ਕਿ ‘ਰਾਜਨੀਤੀ ਅਤੇ ਕਾਮੇਡੀ’ ਦੋ ਅਜਿਹੀਆਂ ਲਾਈਨਾਂ ਹਨ ਜਿਹੜੀਆਂ ਕਿਸੇ ਵੀ ਬਿੰਦੂ ’ਤੇ ਕਦੇ ਵੀ ਨਹੀਂ ਮਿਲ ਸਕਦੀਆਂ ਪ੍ਰੰਤੂ ਜਿਸ ਤਰਾਂ ਦੇ ਹਾਲਾਤ ਸੂਬੇ ’ਚ ਪੈਦਾ ਕੀਤੇ ਜਾ ਰਹੇ ਹਨ ਜਾਂ ਪੈਦਾ ਹੋ ਰਹੇ ਹਨ, ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਭਗਵੰਤ ਮਾਨ ਨੂੰ ਰਾਜਨੀਤੀ ਵਾਲੀ ਲਾਈਨ ਉੱਪਰ ਕਿਸੇ ਗੰਭੀਰ ਕਲਾਕਾਰ ਵਾਂਗ ਤੁਰਨਾ ਪਵੇਗਾ ਕਿਉਂਕਿ ਕਾਮੇਡੀ ਪੈਦਾ ਕਰਨ ਲਈ ਨੀਤੀਆਂ ਦੀ ਲੋੜ ਨਹੀਂ ਹੁੰਦੀ ਪ੍ਰੰਤੂ ਗੰਭੀਰਤਾ ਨੀਤੀਆਂ ’ਚੋ ਨਿੱਕਲਦੀ ਹੈ ਅਤੇ ਇਹ ਗੱਲ ਵੀ ਸੱਚੀ ’ਤੇ ਪੱਕੀ ਹੈ ਕਿ ਸਟੇਜ ਬਗੈਰ ਨੀਤੀਆਂ ਤੋਂ ਚੱਲ ਸਕਦੀ ਹੈ ਪ੍ਰੰਤੂ ਸਟੇਟ ਨੀਤੀਆਂ ਨਾਲ ਹੀ ਚੱਲੇਗੀ। ਕੁੱਲ ਮਿਲਾ ਕੇ ਭਗਵੰਤ ਮਾਨ ਨੂੰ ਸਟੇਜ ਨਹੀਂ, ਸਗੋਂ ਸਟੇਟ ਦਾ ਸੁਪਰਸਟਾਰ ਸਿਆਸੀ ਕਲਾਕਾਰ ਬਣਨਾ ਪਵੇਗਾ।

error: Content is protected !!