Gee 98News

ਬਰਨਾਲਾ ’ਚ ‘ਚਿੱਟਾ’ ਕਰ ਰਿਹਾ ਲੋਕਾਂ ਦੀ ਜ਼ਿੰਦਗੀ ’ਚ ‘ਹਨੇਰਾ’, ਸੱਤਾ ਬਦਲੀ ਪਰ ਹਾਲਾਤ ਨਹੀਂ ਬਦਲੇ

-20 ਦਿਨਾਂ ਦੇ ਅੰਦਰ-ਅੰਦਰ ਓਵਰਡੋਜ਼ ਕਾਰਨ ਤਿੰਨ ਮੌਤਾਂ

–ਧਾਰਾ 174 ਤੋਂ ਅੱਗੇ ਨਹੀਂ ਵੱਧਦੀ ਪੁਲਿਸ ਦੀ ਕਾਰਵਾ

ਬਰਨਾਲਾ, 21 ਅਪ੍ਰੈਲ (ਨਿਰਮਲ ਸਿੰਘ ਪੰਡੋਰੀ): ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਭਿ੍ਰਸ਼ਟਾਚਾਰ, ਰੇਤ ਮਾਫ਼ੀਆ, ਟਰਾਂਸਪੋਰਟਰ ਮਾਫ਼ੀਆ, ਗੈਂਗ ਕਚਲਰ ਅਤੇ ਨਸ਼ਾ ਤਸਕਰੀ ਨੂੰ ਨੱਥ ਪੈਣ ਦੀ ਸੰਭਾਵਨਾ ਬਣੀ ਸੀ ਕਿਉਂਕਿ ਉਕਤ ਸਮੱਸਿਆਵਾਂ ’ਚ ਪਿਛਲੇ ਕਈ ਵਰਿਆਂ ਤੋਂ ਜਕੜੇ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫ਼ਤਵਾ ਦਿੱਤਾ। ਉਂਝ ਭਾਵੇਂ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦਾ ਗਠਨ ਹੋਏ ਮਹਿਜ਼ ਇੱਕ ਮਹੀਨਾ ਪੂਰਾ ਹੋਇਆ ਹੈ ਅਤੇ ਸਰਕਾਰ ਨੇ ਕੁਰੱਪਸ਼ਨ, ਰੇਤ ਮਾਫ਼ੀਆ ਸਮੇਤ ਕੁੱਝ ਸਮੱਸਿਆਵਾਂ ਦੇ ਹੱਲ ਲਈ ਯਤਨ ਵੀ ਆਰੰਭੇ ਹਨ ਪ੍ਰੰਤੂ ਨਸ਼ਾ ਤਸਕਰੀ ਵੱਲ ਭਗਵੰਤ ਮਾਨ ਸਰਕਾਰ ਦੀ ਅਜੇ ਸਵੱਲੀ ਨਜ਼ਰ ਨਹੀ ਹੋਈ। ਸੂਬੇ ’ਚ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਬਾਦਸਤੂੂਰ ਜਾਰੀ ਹੈ। ਨਸ਼ੇ ਦੀ ਓਵਰਡੋਜ਼ ਵਿੱਚ ਚਿੱਟੇ ਦੀ ਵਰਤੋਂ ਦੀਆਂ ਖ਼ਬਰਾਂ ਪਹਿਲੀਆਂ ਸਰਕਾਰਾਂ ਵਾਂਗ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਬੇਸ਼ੱਕ ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਨੂੰ ਲਗਾਮ ਲਗਾਉਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪ੍ਰੰਤੂ ਇੱਕ ਮਹੀਨਾ ਬੀਤਣ ਦੇ ਬਾਵਜੂਦ ਵੀ ਇਸ ਗੰਭੀਰ ਮਾਮਲੇ ’ਚ ਸਰਕਾਰ ਨੇ ਕੋਈ ਠੋਸ ਕਦਮ ਨਹੀ ਚੁੱਕਿਆ, ਸਿੱਟੇ ਵਜੋਂ ਨਸ਼ੇ ਦੇ ਸੌਦਾਗਰਾਂ ਵੱਲੋਂ ਸੂਬੇ ਦੀ ਜਵਾਨੀ ਨਾਲ ਕੀਤੇ ਜਾ ਰਹੇ ਖਿਲਵਾੜ ਦੀ ਖ਼ਤਰਨਾਕ ਖੇਡ ਜਾਰੀ ਹੈ। ਸੂਬੇ ਦੇ ਹਰ ਕੋਨੇ ’ਚ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੀਆਂ ਖ਼ਬਰਾਂ ਆਉਂਦੀਆਂ ਹਨ। ਜੇਕਰ ਬਰਨਾਲਾ ਜ਼ਿਲੇ ਦੀ ਗੱਲ ਕੀਤੀ ਜਾਵੇ ਭਗਵੰਤ ਮਾਨ ਸਰਕਾਰ ਦੇ ਸ਼ੁਰੂਆਤੀ ਸਮੇਂ ’ਚ ਹੀ ਤਿੰਨ ਨੌਜਵਾਨ ਨਸ਼ੇ ਰੂਪੀ ਦੈਂਤ ਦੇ ਸ਼ਿਕਾਰ ਹੋ ਚੁੱਕੇ ਹਨ।

Gee98 Ads

ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਰਨਾਲਾ ਜ਼ਿਲਾ ਮੁੱਖ ਮੰਤਰੀ ਦੇ ਗ੍ਰਹਿ ਜ਼ਿਲੇ ਸੰਗਰੂਰ ਦੇ ਬਿਲਕੁੱਲ ਹੀ ਨਾਲ ਲੱਗਦਾ ਹੈ ਜੋ ਲੋਕ ਸਭਾ ਹਲਕਾ ਸੰਗਰੂਰ ਦਾ ਵੀ ਹਿੱਸਾ ਹੈ। ਬਰਨਾਲਾ ਜ਼ਿਲੇ ਦੀਆਂ ਸਾਰੀਆਂ ਤਿੰਨੇ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਹਨ, ਜਿੰਨਾਂ ’ਚੋਂ ਬਰਨਾਲਾ ਹਲਕੇ ਤੋਂ ਜਿੱਤੇ ਗੁਰਮੀਤ ਸਿੰਘ ਮੀਤ ਹੇਅਰ ਵਜ਼ਾਰਤ ਵਿੱਚ ਵੀ ਸ਼ਾਮਲ ਹਨ। ਇਸ ਦੇ ਬਾਵਜੂਦ ਵੀ ਇਸ ਛੋਟੇ ਜਿਹੇ ਜ਼ਿਲੇ ਵਿੱਚ ਨਸ਼ੇ ਦਾ ਕਹਿਰ ਖ਼ਤਮ ਨਾ ਹੋਣਾ, ਪਾਰਟੀ ਦੇ ਉਕਤ ਨੁਮਾਇੰਦਿਆਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜੇ ਕਰਦਾ ਹੈ ਕਿਉਂਕਿ ਇਹ ਨੁਮਾਇੰਦੇ ਜ਼ਿਲੇ ’ਚ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਥਾਣਾ ਪੱਧਰ ਤੋਂ ਲੈ ਕੇ ਜ਼ਿਲਾ ਹੈੱਡਕੁਆਰਟਰ ਤੱਕ ਪੁਲਿਸ ਅਫ਼ਸਰਾਂ ਦੀ ਕਾਰਗੁਜਾਰੀ ਦਾ ਮੁਆਇਨਾ ਤਾਂ ਕਰ ਹੀ ਸਕਦੇ ਹਨ। ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਜ਼ਿਲੇ ਦੇ ਪਿੰਡ ਫਰਵਾਹੀ ਵਿਖੇ ਵੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਇੱਕ ਨੌਜਵਾਨ ਦੀ ਮੌਤ ਨੇ ਜ਼ਿਲੇ ’ਚ ਨਸ਼ਾ ਤਸਕਰੀ ਦੀ ਚਰਚਾ ਮੁੜ ਤੇਜ਼ ਕਰ ਦਿੱਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਬਰਨਾਲਾ ਸ਼ਹਿਰ ਦੇ ਮੁੱਖ ਬੱਸ ਸਟੈਂਡ ਅਤੇ ਦੁਸਹਿਰਾ ਗਰਾਊਂਡ ਵਿੱਚ ਇੱਕ ਇੱਕ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਦੀਆਂ ਖਬਰਾਂ ਅਖ਼ਬਾਰਾਂ ਦੀ ਮੁੱਖ ਸੁਰਖੀਆਂ ਬਣੀਆਂ ਪ੍ਰੰਤੂ ਇਸ ਦੇ ਬਾਵਜੂਦ ਵੀ ਜ਼ਿਲੇ ਦੇ ਸੱਤਾਧਾਰੀ ਆਗੂਆਂ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ। ਦੂਜੇ ਪਾਸੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਬਾਅਦ ਪੁਲਿਸ ਮਾਮਲੇ ਦੀ ਗੰਭੀਰਤਾ ਤੱਕ ਪੁੱਜਣ ਦੇ ਦਾਅਵੇ ਕਰਦੀ ਹੈ ਪ੍ਰੰਤੂ ਹਰ ਵਾਰ ਪੁਲਿਸ ਦੀ ਕਾਰਵਾਈ ਧਾਰਾ 174 ਤੱਕ ਹੀ ਸਿਮਟ ਜਾਂਦੀ ਹੈ।

error: Content is protected !!