ਬਾਦਲ ਹਾਊਸ ਵਿਖੇ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਨੇ ਫੀਡਬੈਕ ਲੈਣ ਤੋਂ ਬਾਅਦ ਕੀਤਾ ਫ਼ੈਸਲਾ
ਬਰਨਾਲਾ, 16 ਮਈ (ਨਿਰਮਲ ਸਿੰਘ ਪੰਡੋਰੀ) :
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਣਕਿਆਸੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ’ਚ ਸਿਆਸੀ ਤੌਰ ’ਤੇ ਮੁੜ ਪੈਰਾਂ-ਸਿਰ ਹੋਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਕਈ ਵਰਿਆਂ ਤੱਕ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਭਵਿੱਖ ਬਾਰੇ ਅਜੇ ਟਿੱਪਣੀ ਕਰਨਾ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਹੈ, ਪ੍ਰੰਤੂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਨੇ ਸ਼੍ਰੋ੍ਮਣੀ ਅਕਾਲੀ ਦਲ ਦੀ ਹਾਈਕਮਾਂਡ ਨੂੰ ਜ਼ਮੀਨੀ ਪੱਧਰ ’ਤੇ ਆਪਣੇ ਵਰਕਰਾਂ ਵਿੱਚ ਵਿਚਰਨ ਲਈ ਮਜ਼ਬੂਰ ਕਰ ਦਿੱਤਾ ਹੈ। ਜੇਕਰ ਬਰਨਾਲਾ ਜ਼ਿਲੇ ਦੀ ਗੱਲ ਕਰੀਏ ਤਾਂ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ ਕੁਝ ਅਜਿਹੇ ਬਣੇ ਹੋਏ ਹਨ ਜੋ ਅਕਾਲੀ ਦਲ ਦੇ ਇਤਿਹਾਸ ਵਿੱਚ ਅੱਜ ਤੱਕ ਕਦੇ ਵੀ ਨਹੀਂ ਰਹੇ। ਬਰਨਾਲਾ ਜ਼ਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਆਪਣੇ ਆਗੂਆਂ/ਵਰਕਰਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਬਾਦਲ ਹਾਊਸ’ ਵਿਖੇ ਤਿੰਨੇ ਹਲਕਿਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਹਲਕੇ ਦੇ ਆਗੂਆਂ ਨਾਲ ਵਿਚਾਰ ਚਰਚਾ ਕੀਤੀ।
ਭਰੋਸੇਯੋਗ ਸੂਤਰਾਂ ਅਨੁਸਾਰ ਬਰਨਾਲਾ ਅਤੇ ਭਦੌੜ ਲਈ ਸ਼੍ਰੋਮਣੀ ਅਕਾਲੀ ਦਲ ਆਪਣੇ ‘ਕਮਾਂਡਰ’ ਨਹੀਂ ਬਦਲੇਗਾ ਪ੍ਰੰਤੂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਛੁੱਟੀ ਲੱਗਭੱਗ ਤੈਅ ਹੈ। ‘ਬਾਦਲ ਹਾਊਸ’ ਵਿਖੇ ਮੀਟਿੰਗ ਦੌਰਾਨ ਮਹਿਲ ਕਲਾਂ ਹਲਕੇ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੀ ਹਰ ਸਟੇਜ ਦਾ ਸ਼ਿੰਗਾਰ ਬਣਨ ਵਾਲੇ ਇੱਕ ਆਗੂ ਨੇ ਜਦ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਦੇ ਸੁਝਾਅ ਦੇਣੇ ਸ਼ੁਰੂ ਕੀਤੇ ਤਾਂ ਮੌਕੇ ’ਤੇ ਹੀ ਸੁਖਬੀਰ ਸਿੰਘ ਬਾਦਲ ਨੇ ‘‘ਨਾਂਹ’’ ਵਿੱਚ ਸਿਰ ਹਿਲਾ ਦਿੱਤਾ। ਜੀ98 ਨਿਊਜ਼ ਕੋਲ ਪੁੱਜੀ ਪੁਖ਼ਤਾ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਲਈ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਕੁਝ ਦਿਨਾਂ ਵਿੱਚ ਆਪਣੇ ਨਵੇਂ ਕਮਾਂਡਰ (ਇੰਚਾਰਜ) ਦਾ ਐਲਾਨ ਕਰ ਦੇਵੇਗਾ, ਇਸ ਦਾ ਸੰਕੇਤ ਸੁਖਬੀਰ ਸਿੰਘ ਬਾਦਲ ਨੇ ‘ਬਾਦਲ ਹਾਉਸ’ ਵਿਖੇ ਹੋਈ ਮੀਟਿੰਗ ਦੌਰਾਨ ਮਹਿਲ ਕਲਾਂ ਹਲਕੇ ਦੇ ਆਗੂਆਂ ਨੂੰ ਵੀ ਦੇ ਦਿੱਤਾ ਸੀ। ਸੂਤਰਾਂ ਅਨੁਸਾਰ ਹਲਕਾ ਮਹਿਲ ਕਲਾਂ ਲਈ ਦਲ ਦਾ ਨਵਾਂ ਇੰਚਾਰਜ ਲੋਕਲ ਹੀ ਹੋਵੇਗਾ ਭਾਵ ਹਲਕੇ ਨਾਲ ਸੰਬੰਧਿਤ ਮਹਿਲ ਕਲਾਂ ਪਟੜੀ ਫੇਰ ਕਿਸੇ ਪਿੰਡ ਦੇ ਆਗੂ ਦੀ ਤਾਜ਼ਪੋਸ਼ੀ ਜਲਦੀ ਹੀ ਹੋ ਸਕਦੀ ਹੈ।







